Phagwara ਵਿੱਚ ਕਣਕ ਦੀ ਚੁਕਾਈ ਨਾ ਹੋਣ ਤੋਂ ਆੜ੍ਹਤੀ ਪ੍ਰੇਸ਼ਾਨ
ਤਹਿਸੀਲਦਾਰ ਨੂੰ ਮੰਗ ਪੱਤਰ; ਮੌਸਮ ਦੇ ਬਦਲੇ ਮਿਜ਼ਾਜ ਕਾਰਨ ਕਣਕ ਖਰਾਬ ਹੋਣ ਦਾ ਡਰ
ਆੜ੍ਹਤੀ ਐਸੋਸੀਏਸ਼ਨ ਵੱਲੋਂ ਮੁੱਖ ਅਨਾਜ ਮੰਡੀ ’ਚ ਕਣਕ ਦੀ ਚੁਕਾਈ ਨਾ ਹੋਣ ਕਾਰਨ ਬਣੀ ਗੰਭੀਰ ਸਥਿਤੀ ਦੇ ਚੱਲਦੇ ਅੱਜ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ’ਤੇ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ ਗਿਆ। ਭਾਰਦਵਾਜ ਨੇ ਦੱਸਿਆ ਕਿ ਸੀਜ਼ਨ 2026-27 ਦੌਰਾਨ ਸਰਕਾਰੀ ਏਜੰਸੀਆਂ ਵਲੋਂ ਕਣਕ ਦੀ ਖਰੀਦ ਲਗਪਗ ਪੂਰੀ ਹੋ ਚੁੱਕੀ ਹੈ ਤੇ ਕਿਸਾਨਾਂ ਨੂੰ ਭੁਗਤਾਨ ਵੀ ਮਿਲ ਰਿਹਾ ਹੈ, ਪਰ ਮੰਡੀਆਂ ਤੋਂ ਕਣਕ ਦੀ ਚੁਕਾਈ ਦਾ ਕੰਮ ਬਹੁਤ ਢਿੱਲਾ ਹੈ। ਇਸ ਵੇਲੇ ਫਗਵਾੜਾ ਮਾਰਕੀਟ ਕਮੇਟੀ ਨਾਲ ਸਬੰਧਤ ਮੰਡੀਆਂ ’ਚ ਲਗਪਗ 60 ਫ਼ੀਸਦੀ, ਕਰੀਬ 10 ਲੱਖ ਬੋਰੀਆਂ ਪਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਢੁਆਈ ਦਾ ਟੈਂਡਰ ਲੈਣ ਵਾਲੇ ਠੇਕੇਦਾਰਾਂ ਕੋਲ ਟਰੱਕਾਂ ਤੇ ਮਜ਼ਦੂਰਾਂ ਦੀ ਘਾਟ ਹੈ, ਜਿਸ ਕਰਕੇ ਚੁਕਾਈ ਦੀ ਗਤੀ ਬਹੁਤ ਹੀ ਹੌਲੀ ਹੈ ਤੇ ਅਗਲੇ 15 ਦਿਨਾਂ ’ਚ ਵੀ ਇਹ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਨਹੀਂ। ਮੌਸਮ ਖਰਾਬ ਹੋਣ ’ਤੇ ਕਣਕ ਖਰਾਬ ਹੋਣ ਦਾ ਖਤਰਾ ਵੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਮੰਡੀਆਂਵਿੱਚ ਬਾਹਰ ਪਈ ਕਣਕ ਖਰਾਬ ਹੋਈ ਤਾਂ ਇਸ ਦੀ ਜਿ਼ੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਮੌਕੇ ਪਰਵੇਸ਼ ਗੁਪਤਾ, ਵਿਨੀਸ਼ ਸੂਦ, ਪ੍ਰਬੋਧ ਦੁੱਗਲ, ਰਾਜੀਵ ਅਗਰਵਾਲ, ਅਸ਼ਵਨੀ ਕੁਮਾਰ, ਅਰੁਣ ਕਲੂਚਾ, ਪ੍ਰਵੀਨ ਸ਼ੁਕਲਾ (ਸੋਨੂ), ਸ਼ੇਖਰ ਸ਼ਰਮਾ, ਰਿਤਿਕ ਕੁਕਰੇਜਾ, ਅੰਕਿਤ ਗੁਪਤਾ ਹਾਜ਼ਰ ਸਨ।

