ਕਰੋਨਾ ਪਾਜ਼ੇਟਿਵ ਰਿਪੋਰਟ ਜਾਰੀ ਕਰਨ ’ਤੇ ਪਰਿਵਾਰ ਵੱਲੋਂ ਹੰਗਾਮਾ

ਕਰੋਨਾ ਪਾਜ਼ੇਟਿਵ ਰਿਪੋਰਟ ਜਾਰੀ ਕਰਨ ’ਤੇ ਪਰਿਵਾਰ ਵੱਲੋਂ ਹੰਗਾਮਾ

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 11 ਅਗਸਤ

ਕਮਿਊਨਿਟੀ ਹੈਲਥ ਸੈਂਟਰ ਕਰਤਾਰਪੁਰ ਵਿੱਚ ਕਰੋਨਾ ਪਾਜ਼ੇਟਿਵ ਆਏ ਮਰੀਜ਼ ਦੀ ਰਿਪੋਰਟ ਤੇ ਸ਼ੱਕ ਜ਼ਾਹਰ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਐੱਸਐੱਮਓ ਉੱਪਰ ਕਥਿਤ ਗਲਤ ਰਿਪੋਰਟ ਦੇਣ ਦਾ ਦੋਸ਼ ਲਗਾਇਆ। ਪਰਿਵਾਰਕ ਮੈਂਬਰਾਂ ਨੇ ਕਥਿਤ ਗਲਤ ਰਿਪੋਰਟ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਕਰੋਨਾ ਪਾਜ਼ੇਟਿਵ ਜਾਂਚ ਰਿਪੋਰਟ ਦੇ ਸ਼ੱਕ ਕਾਰਨ ਹੋਏ ਹੰਗਾਮੇ ਦੀ ਸੂਚਨਾ ਮਿਲਦੇ ਸਾਰ ਥਾਣਾ ਕਰਤਾਰਪੁਰ ਦੇ ਮੁਖੀ ਸਿਕੰਦਰ ਸਿੰਘ ਅਤੇ ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਪਰਮਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਕਾਬੂ ਵਿੱਚ ਕੀਤੀ। ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਕਰੋਨਾ ਪਾਜ਼ਿਟਿਵ ਹੋਣ ਦੇ ਸ਼ੱਕ ਵਜੋਂ ਹਰਜੀਤ ਸਿੰਘ ਦਾ ਰੈਪਿਡ ਕਿੱਟ ਨਾਲ ਨਮੂਨੇ ਲੈ ਕੇ ਜਾਂਚ ਕੀਤੀ ਗਈ ਸੀ। ਇਸ ਜਾਂਚ ਅਨੁਸਾਰ ਹਰਜੀਤ ਸਿੰਘ ਦੀ ਕਰੋਨਾ ਪਾਜ਼ੇਟਿਵ ਹੋਣ ਦੇ ਲੱਛਣ ਪਾਏ ਗਏ ਸਨ। ਇਸ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਪ੍ਰਾਈਵੇਟ ਹਸਪਤਾਲ ਲਿਜਾਣ ਲਈ ਹਸਪਤਾਲ ਵੱਲੋਂ ਪਾਜ਼ੇਟਿਵ ਹੋਣ ਦੀ ਰਿਪੋਰਟ ਜਾਰੀ ਕਰ ਦਿੱਤੀ ਗਈ।
ਟਾਂਡਾ (ਪੱਤਰ ਪ੍ਰੇਰਕ): ਇਥੋਂ ਦੇ ਮੁਹੱਲਾ ਦਸਮੇਸ਼ ਨਗਰ ਅਤੇ ਨੇੜਲੇ ਪਿੰਡ ਦਾਤਾ ਅਤੇ ਮੂਨਕ ਕਲਾਂ ਦੇ ਤਿੰਨ ਵਿਅਕਤੀਆਂ ਦੇ ਕਰੋਨਾ ਟੈਸਟ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿੱਚੋਂ ਇਕ ਦਸਮੇਸ਼ ਨਗਰ ਅਤੇ ਇੱਕ-ਇੱਕ ਪਿੰਡ ਮੂਨਕ ਕਲਾਂ ਅਤੇ ਦਾਤਾ ਦਾ ਹੈ। ਇਸ ਸਬੰਧੀ ਕੋਵਿਡ ਇੰਚਾਰਜ ਡਾ. ਕੇਆਰ ਬਾਲੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ ਹੁਸ਼ਿਆਰਪੁਰ ਭੇਜ ਦਿੱਤਾ ਹੈ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਟੈਸਟ ਕਰਵਾਏ ਜਾਣਗੇ।

ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਫਤਿਹਗੜ੍ਹ ਚੂੜੀਆਂ ਦੀ ਵਾਰਡ ਨੰਬਰ 8 ਵਿੱਚ ਇੱਕੋ ਪਰਿਵਾਰ ਦੇ 5 ਮੈਂਬਰ ਕਰੋਨਾ ਪਾਜ਼ੇਟਿਵ ਆਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਰਿਵਾਰ ਦਾ ਇੱਕ ਮੈਂਬਰ ਮੇਨ ਬਾਜ਼ਾਰ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਹੈ। ਸਿਹਤ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਦੁਕਾਨ ਨੂੰ ਬੰਦ ਕਰਵਾਇਆ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਗਲੀ ਨੂੰ ਰੋਕਾਂ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਨਜ਼ਦੀਕ ਰਹਿੰਦੇ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ।

ਬੇਗੋਵਾਲ ਇਲਾਕੇ ਵਿੱਚ 6 ਕਰੋਨਾ ਪਾਜ਼ੇਟਿਵ ‌‌‌ਮਾਮਲੇ

ਭੁਲੱਥ (ਪੱਤਰ ਪ੍ਰੇਰਕ): ਅੱਜ ਏਥੇ ਨੇੜਲੇ ਕਸਬੇ ਬੇਗੋਵਾਲ ਵਿੱਚ ਤੇ ਇਸਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਛੇ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਮਓ ਬੇਗੋਵਾਲ ਡਾਕਟਰ ਕਿਰਨਪ੍ਰੀਤ ਕੌਰ ਸੇਖੋਂ ਨੇ ਦੱਸਿਆ ਬੇਗੋਵਾਲ ਕਸਬੇ ਦੇ ਚਾਰ ਮਰੀਜ਼ ਜਿਨ੍ਹਾਂ ਵਿਚ ਵਾਰਡ ਨੰਬਰ ਪੰਜ ਇਕ ਤੀਹ ਸਾਲਾਂ ਵਿਅਕਤੀ, ਇਕ ਵੀਹ ਸਾਲ ਦਾ ਨੋਜਵਾਨ, ਇਕ ਪੰਦਰਾਂ ਸਾਲਾਂ ਲੜਕੀ ਤੇ ਵਾਰਡ ਨੰਬਰ ਛੇ ਇਕ ਔਰਤ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ‌‌‌‌‌‌ਇਸਤੋਂ ਇਲਾਵਾ ਪਿੰਡ ਇਬਰਾਹੀਮ ਵਾਲ ਦਾ ਪੰਜਾਬ ਪੁਲੀਸ ਦਾ ਸਬ ਇੰਸਪੈਕਟਰ ਤੇ ਪਿੰਡ ਟਾਂਡੀ ਦਾਖਲੀ ਦਾ ਪਚਵੰਜਾ ਸਾਲ ਦਾ ਹੋਮ ਗਾਰਡ ਦਾ ਜਵਾਨ ਵੀ ਪਾਜ਼ੇਟਿਵ ਪਾਏ ਗਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All