Goindwal Sahib ਵਿੱਚ Driver ਦੀ ਘਾਟ ਕਾਰਨ ਬੇਕਾਰ ਖੜ੍ਹਾ 112 Emergency ਵਾਹਨ
ਪੁਲੀਸ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉੱਠੇ; ਮੁਲਾਜ਼ਮਾਂ ’ਤੇ ਗੱਡੀ ਦੀ ਦੁਰਵਰਤੋਂ ਕਰਨ ਦਾ ਦੋਸ਼
ਥਾਣਾ ਗੋਇੰਦਵਾਲ ਸਾਹਿਬ ਨੂੰ ਇਲਾਕੇ ਦੀਆਂ ਐਮਰਜੈਂਸੀ ਸੇਵਾਵਾਂ ਲਈ ਦਿੱਤੀ ਗਈ 112 ਨੰਬਰ ਹੈਲਪਲਾਈਨ ਗੱਡੀ ਪਿਛਲੇ ਮਹੀਨੇ ਤੋਂ ਸਥਾਈ ਡਰਾਈਵਰ ਨਾ ਹੋਣ ਕਾਰਨ ਬੇਕਾਰ ਖੜ੍ਹੀ ਹੈ। ਡਰਾਈਵਰ ਦੀ ਅਣਹੋਂਦ ਕਾਰਨ ਇਹ ਗੱਡੀ ਇਲਾਕੇ ਵਿੱਚ ਐਮਰਜੈਂਸੀ ਮਦਦ ਪਹੁੰਚਾਉਣ ਦੀ ਬਜਾਏ ਪੁਲੀਸ ਨਾਕੇ ਦਾ ਸ਼ਿੰਗਾਰ ਬਣ ਕੇ ਰਹਿ ਗਈ ਹੈ। ਇਸ ਸਥਿਤੀ ਕਾਰਨ ਲੋਕਾਂ ਨੂੰ ਐਮਰਜੈਂਸੀ ਮੌਕਿਆਂ ’ਤੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੱਡੀ ’ਤੇ ਤਾਇਨਾਤ ਮੁਲਾਜ਼ਮਾਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪੱਕਾ ਡਰਾਈਵਰ ਨਾ ਹੋਣ ਕਰ ਕੇ ਸ਼ਿਕਾਇਤ ਆਉਣ ਵੇਲੇ ਆਰਜ਼ੀ ਡਰਾਈਵਰ ਦੀ ਕਈ ਘੰਟੇ ਉਡੀਕ ਕਰਨੀ ਪੈਂਦੀ ਹੈ।
ਸਮਾਜ ਸੇਵੀ ਭੁਪਿੰਦਰ ਸਿੰਘ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਲਈ ਭੇਜੀ ਗਈ ਇਹ ਗੱਡੀ ਡਰਾਈਵਰ ਨਾ ਹੋਣ ਕਾਰਨ ਚਿੱਟਾ ਹਾਥੀ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੱਡੀ ਦਾ ਇੱਕ ਮਹੀਨੇ ਤੋਂ ਖੜ੍ਹੇ ਰਹਿਣਾ ਪੁਲੀਸ ਦੇ ਸੁਰੱਖਿਆ ਪ੍ਰਬੰਧਾਂ ਦੀ ਅਸਲੀਅਤ ਬਿਆਨ ਕਰਦਾ ਹੈ। ਉਨ੍ਹਾਂ ਥਾਣਾ ਮੁਖੀ ਦੀ ਕਾਰਗੁਜ਼ਾਰੀ ਪ੍ਰਤੀ ਵੀ ਨਿਰਾਸ਼ਾ ਜ਼ਾਹਿਰ ਕੀਤੀ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਦੋਸ਼ ਲਾਇਆ ਕਿ ਥਾਣਾ ਮੁਖੀ ਵੱਲੋਂ ਇਸ ਗੱਡੀ ਦੀ ਵਰਤੋਂ ਨਿੱਜੀ ਕੰਮਾਂ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਾਜ਼ਮ ਇਹ ਸਰਕਾਰੀ ਗੱਡੀ ਨਿੱਜੀ ਕੰਮਾਂ ਲਈ ਵਰਤ ਰਹੇ ਹਨ। ਲੋੜ ਪੈਣ ’ਤੇ ਗੱਡੀ ਲੋਕਾਂ ਦੇ ਕੰਮ ਨਹੀਂ ਆ ਰਹੀ। ਹਾਦਸੇ ਜਾਂ ਅਪਰਾਧ ਦੀ ਸ਼ਿਕਾਇਤ ਮਿਲਣ ਉੱਪਰ ਪੁਲੀਸ ਆਰਜ਼ੀ ਡਰਾਈਵਰ ਲੱਭਣ ਵਿੱਚ ਸਮਾਂ ਬਰਬਾਦ ਕਰਦੀ ਹੈ।
ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਐਮਰਜੈਂਸੀ ਵੇਲੇ ਹਰ ਮਿੰਟ ਕੀਮਤੀ ਹੁੰਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਮਦਦ ਵਾਲੀ ਗੱਡੀ ਹੀ ਸਮੇਂ ਸਿਰ ਨਹੀਂ ਪਹੁੰਚ ਸਕਦੀ ਤਾਂ ਅਜਿਹੀ ਸਹੂਲਤ ਦਾ ਕੀ ਫ਼ਾਇਦਾ ਹੈ।
ਐੱਸ ਐੱਸ ਪੀ ਨੇ ਕਾਰਵਾਈ ਦਾ ਭਰੋਸਾ ਦਿੱਤਾ
ਥਾਣਾ ਮੁਖੀ ਬਲਜੀਤ ਕੌਰ ਨੇ ਇਸ ਮਾਮਲੇ ਸਬੰਧੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਦੂਜੇ ਪਾਸੇ ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਉਹ ਤੁਰੰਤ ਜਾਂਚ ਕਰਵਾਉਣਗੇ ਕਿ ਐਮਰਜੈਂਸੀ ਗੱਡੀ ਦਾ ਡਰਾਈਵਰ ਉਪਲੱਬਧ ਕਿਉਂ ਨਹੀਂ ਹੈ। ਉਨ੍ਹਾਂ ਕਿਹਾ ਕਿ ਥਾਣਾ ਮੁਖੀ ਬਲਜੀਤ ਕੌਰ ਕੋਲੋਂ ਮੁਕੰਮਲ ਰਿਪੋਰਟ ਮੰਗੀ ਜਾਵੇਗੀ। ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐੱਸ ਐੱਸ ਪੀ ਨੇ ਭਰੋਸਾ ਦਿੱਤਾ ਕਿ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਨਿਰਵਿਘਨ ਮੁਹੱਈਆ ਕਰਵਾਈਆਂ ਜਾਣਗੀਆਂ।

