election campaign: ਵਿਧਾਇਕ ਨੇ ਗੁਰਦੁਆਰੇ ਮੱਥਾ ਟੇਕ ਕੇ ਚੋਣ ਮੁਹਿੰਮ ਵਿੱਢੀ
ਖੇਮਕਰਨ ਵਿੱਚ ਸਿਆਸੀ ਮਾਹੌਲ ਭਖਿਆ; ਮੁੜ ਭਰੋਸਾ ਜਤਾਉਣ ’ਤੇ ਹਾਈਕਮਾਨ ਦਾ ਧੰਨਵਾਦ ਕੀਤਾ
ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਮੌਜੂਦਾ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਨ ਨਾਲ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪਾਰਟੀ ਦੀ ਪਹਿਲੀ ਸੂਚੀ ਵਿੱਚ ਹੀ ਟਿਕਟ ਮਿਲਣ ’ਤੇ ਵਿਧਾਇਕ ਧੁੰਨ ਨੇ ਪਿੰਡ ਪਹੂਵਿੰਡ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਅਸਥਾਨ ’ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਪਾਰਟੀ ਆਗੂ, ਵਰਕਰ ਤੇ ਸਮਰਥਕ ਮੌਜੂਦ ਸਨ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਨ ਸਿੰਘ ਧੁੰਨ ਨੇ ਮੁੜ ਭਰੋਸਾ ਪ੍ਰਗਟਾਉਣ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਹ ਹਾਈਕਮਾਂਡ ਦੀਆਂ ਉਮੀਦਾਂ ’ਤੇ ਖਰਾ ਉਤਰਦਿਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਸੀਟ ਮੁੜ ਜਿੱਤ ਕੇ ਪਾਰਟੀ ਦੀ ਝੋਲੀ ਪਾਉਣ ਲਈ ਪੂਰੀ ਤਾਕਤ ਲਾਉਣਗੇ। ਵਿਧਾਇਕ ਧੁੰਨ ਨੇ ਕਿਹਾ ਕਿ ਖੇਮਕਰਨ ਉਨ੍ਹਾਂ ਲਈ ਸਿਰਫ਼ ਸਿਆਸੀ ਹਲਕਾ ਨਹੀਂ, ਸਗੋਂ ਪਰਿਵਾਰ ਵਾਂਗ ਹੈ ਅਤੇ ਉਨ੍ਹਾਂ ਹਮੇਸ਼ਾ ਲੋਕਾਂ ਦੀਆਂ ਮੁਸ਼ਕਲਾਂ ਤੇ ਲੋੜਾਂ ਨੂੰ ਪਹਿਲ ਦਿੱਤੀ ਹੈ।
ਇਸ ਮੌਕੇ ਹਰਜਿੰਦਰ ਸਿੰਘ ਬੁਰਜ, ਨਗਰ ਪੰਚਾਇਤ ਪ੍ਰਧਾਨ ਸੁਖਦੇਵ ਸਿੰਘ ਭਿੱਖੀਵਿੰਡ, ਸਰਪੰਚ ਜੁਗਰਾਜ ਸਿੰਘ ਪਹੂਵਿੰਡ, ਸਰਪੰਚ ਹਰਦਿਆਲ ਸਿੰਘ ਮਾੜੀ ਕੰਬੋਕੇ, ਸੀਨੀਅਰ ‘ਆਪ’ ਆਗੂ ਰਿੰਕੂ ਢਿੱਲੋਂ, ਸਰਪੰਚ ਦਿਲਬਾਗ ਸਿੰਘ, ਸੇਠੀ ਸੰਧੂ, ਸਰਪੰਚ ਬਲਰਾਜ ਸਿੰਘ, ਐੱਮ ਸੀ ਬਖਸ਼ੀਸ਼ ਸਿੰਘ, ਸਰਪੰਚ ਜਸਵਿੰਦਰ ਸਿੰਘ ਚੂੰਘ, ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਸੁਖਰਾਜ ਸਿੰਘ ਬੀ ਏ ਅਤੇ ਸਰਪੰਚ ਚਮਕੌਰ ਸਿੰਘ ਹਾਜ਼ਰ ਸਨ।

