Election Campaign: ‘ਆਪ’ ਦੇ ਵੱਕਾਰ ਦਾ ਸਵਾਲ ਬਣੀ ਗੁਰਦਾਸਪੁਰ ਕੌਂਸਲ ਚੋਣ
ਪਾਰਟੀ ਦੇ ਸੀਨੀਅਰ ਨੇਤਾ ਚੋਣ ਪ੍ਰਚਾਰ ਵਿੱਚ ਡਟੇ
ਇੱਥੇ 13 ਜੂਨ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਆਮ ਆਦਮੀ ਪਾਰਟੀ ਲਈ ਵੱਕਾਰ ਦਾ ਸਵਾਲ ਬਣ ਗਈਆਂ ਹਨ। ਇੰਜ ਪਹਿਲੀ ਵਾਰ ਹੋਇਆ ਹੈ ਕਿ ਕੌਂਸਲ ਚੋਣਾਂ ਦੇ ਪ੍ਰਚਾਰ ਲਈ ‘ਆਪ’ ਦੇ ਸੀਨੀਅਰ ਲੀਡਰਾਂ ਨੂੰ ਗੁਰਦਾਸਪੁਰ ਆਉਣਾ ਪਿਆ ਹੈ। ਇੱਕ ਪਾਸੇ ਜਿੱਥੇ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਗੁਰਦਾਸਪੁਰ ਡੇਰਾ ਲਾਉਣਾ ਪਿਆ ਹੈ, ਉੱਥੇ ਹੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਉਰਫ਼ ਸ਼ੈਰੀ ਕਲਸੀ ਵੀ ਗੁਰਦਾਸਪੁਰ ਵਿੱਚ ਜ਼ੋਰ ਲਗਾ ਰਹੇ ਹਨ।
ਦੱਸਣਯੋਗ ਹੈ ਕਿ ਗੁਰਦਾਸਪੁਰ ਨਗਰ ਕੌਂਸਲ ਦੇ ਕੁੱਲ 29 ਵਾਰਡ ਹਨ। ਪਿਛਲੀਆਂ ਚੋਣਾਂ ਵਿੱਚ ਸਾਰਿਆਂ ’ਤੇ ਹੀ ਕਾਂਗਰਸੀ ਕੌਂਸਲਰ ਜੇਤੂ ਰਹੇ ਸਨ। ਕਾਂਗਰਸੀ ਕਬਜ਼ੇ ਵਾਲੀ ਇਸ ਕੌਂਸਲ ਨੂੰ ਹਥਿਆਉਣ ਲਈ ਆਮ ਆਦਮੀ ਪਾਰਟੀ ਪੂਰਾ ਜ਼ੋਰ ਲਗਾ ਰਹੀ ਹੈ। ਭਾਵੇਂ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੀ ਆਪਣੇ ਉਮੀਦਵਾਰ ਇਨ੍ਹਾਂ ਚੋਣਾਂ ਵਿੱਚ ਉਤਾਰੇ ਗਏ ਹਨ ਪਰ ਮੁਕਾਬਲਾ ਕਾਂਗਰਸ ਅਤੇ ‘ਆਪ’ ਵਿਚਾਲੇ ਹੈ। ਚੋਣ ਪ੍ਰਚਾਰ ਦੌਰਾਨ ਜਿੱਥੇ ‘ਆਪ’ ਦੇ ਕੁਲਦੀਪ ਸਿੰਘ ਧਾਲੀਵਾਲ ਅਤੇ ਰਮਨ ਬਹਿਲ ਵੱਲੋਂ ਸਥਾਨਕ ਵਿਧਾਇਕ ਅਤੇ ਉਨ੍ਹਾਂ ਦੇ ਭਰਾ ਖ਼ਿਲਾਫ਼ ਸ਼ਬਦੀ ਬਾਣ ਛੱਡੇ ਜਾ ਰਹੇ ਹਨ, ਉੱਥੇ ਹੀ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਾਹੜਾ ਵੱਲੋਂ ਵੀ ਜਵਾਬੀ ਹਮਲੇ ਕੀਤੇ ਜਾ ਰਹੇ ਹਨ। ਸ਼ਹਿਰ ’ਚ ਕੂੜੇ ਲਈ ਜਗ੍ਹਾ ਨਾ ਮਿਲਣ ਦੇ ਮਸਲੇ ਵਿੱਚ ਵੀ ਦੋਵਾਂ ਪਾਰਟੀਆਂ ਵੱਲੋਂ ਇੱਕ-ਦੂਜੇ ਨੂੰ ਦੋਸ਼ੀ ਠਹਿਰਾ ਰਹੀਆਂ ਹਨ।
ਉਮੀਦਵਾਰਾਂ ਵੱਲੋਂ ਰਿਕਸ਼ਿਆਂ ਉੱਪਰ ਚੋਣ ਪ੍ਰਚਾਰ ਤੋਂ ਇਲਾਵਾ ਝੰਡੀਆਂ, ਬੈਨਰਾਂ ਅਤੇ ਪੋਸਟਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ।

