ਬਜ਼ੁਰਗ ਦਾ ਕਤਲ ਕਰ ਕੇ 8 ਲੱਖ ਰੁਪਏ ਲੁੱਟੇ

ਲੁਟੇਰਿਆਂ ਨੇ ਘਰ ’ਚ ਦਾਖ਼ਲ ਹੋ ਕੇ ਦਿੱਤਾ ਘਟਨਾ ਨੂੰ ਅੰਜਾਮ

ਬਜ਼ੁਰਗ ਦਾ ਕਤਲ ਕਰ ਕੇ 8 ਲੱਖ ਰੁਪਏ ਲੁੱਟੇ

ਫਗਵਾੜਾ ਵਿੱਚ ਘਟਨਾ ਸਥਾਨ ਦਾ ਜਾਇਜ਼ਾ ਲੈਂਦੀ ਹੋੲੀ ਪੁਲੀਸ

ਜਸਬੀਰ ਸਿੰਘ ਚਾਨਾ
ਫਗਵਾੜਾ, 7 ਜੁਲਾਈ

ਇੱਥੋਂ ਦੇ ਮੁਹੱਲਾ ਬਾਬਾ ਗਧੀਆ ਲਾਗੇ ਪੈਂਦੇ ਮੁਹੱਲਾ ਰਣਜੀਤ ਨਗਰ ’ਚ ਬੀਤੀ ਰਾਤ ਲੁਟੇਰਿਆਂ ਨੇ ਇੱਕ ਘਰ ’ਚ ਦਾਖ਼ਲ ਹੋ ਕੇ ਇੱਕ 65 ਸਾਲਾ ਵਿਅਕਤੀ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਘਰ ’ਚ ਪਈ ਕਰੀਬ 8 ਲੱਖ ਰੁਪਏ ਦੀ ਰਾਸ਼ੀ ਲੈ ਕੇ ਫ਼ਰਾਰ ਹੋ ਗਏ ਹਨ।

ਹੰਸਰਾਜ ਬਸਰਾ ਦੀ ਫ਼ਾਈਲ ਫ਼ੋਟੋ।

ਡੀ.ਐਸ.ਪੀ. ਪਰਮਜੀਤ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਹੰਸਰਾਜ ਬਸਰਾ (65) ਪੁੱਤਰ ਧੁੰਨਾ ਰਾਮ ਵਜੋਂ ਹੋਈ ਹੈ। ਇਹ ਵਿਅਕਤੀ 8-9 ਸਾਲ ਇੰਗਲੈਂਡ ’ਚ ਰਹਿਣ ਮਗਰੋਂ ਇੱਥੇ ਆਇਆ ਸੀ ਅਤੇ ਜਲੰਧਰ ’ਚ ਇਸ ਦਾ ਇੱਕ ਪਲਾਟ ਸੀ ਉਸ ਨੂੰ ਇਸ ਨੇ ਵੇਚ ਕੇ ਇੱਕ ਪਲਾਟ ਹੋਰ ਖਰੀਦ ਲਿਆ ਸੀ ਅਤੇ ਬਾਕੀ ਬੱਚਦੀ 8 ਲੱਖ ਰੁਪਏ ਦੀ ਰਾਸ਼ੀ ਘਰ ਦੀ ਅਲਮਾਰੀ ’ਚ ਰੱਖੀ ਹੋਈ ਸੀ। ਊਸ ਦੀ ਪਤਨੀ ਬਲਵੀਰ ਕੌਰ ਜੋ ਬਿਮਾਰ ਹੈ ਉਹ ਜੀ.ਬੀ. ਹਸਪਤਾਲ ’ਚ ਦਾਖ਼ਲ ਸੀ ਅਤੇ ਉਸ ਦਾ ਇੱਕ ਪੁੱਤਰ ਕਮਲਦੀਪ ਸਿੰਘ ਜੋ ਉੱਥੇ ਦੇਖਭਾਲ ਕਰਦਾ ਸੀ ਜਦੋਂ ਸਵੇਰੇ ਆਪਣੇ ਪਿਤਾ ਲਈ ਚਾਹ ਲੈ ਕੇ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ ਦਾ ਮੇਨ ਗੇਟ ਬੰਦ ਸੀ ਅਤੇ ਛੋਟਾ ਦਰਵਾਜ਼ਾ ਖੁੱਲ੍ਹਾ ਸੀ। ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦਾ ਪਿਤਾ ਲਹੂ ਲੁਹਾਨ ਪਿਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਘਅਨਾ ਦੀ ਸੂਚਨਾ ਊਸ ਨੇ ਪੁਲੀਸ ਨੂੰ ਦਿੱਤੀ। ਐਸਪੀ ਮਨਵਿੰਦਰ ਸਿੰਘ, ਡੀ.ਐਸ.ਪੀ. ਪਰਮਜੀਤ ਸਿੰਘ, ਐਸ.ਐਚ.ਓ ਸਦਰ ਅਮਰਜੀਤ ਸਿੰਘ ਮੱਲ੍ਹੀ ਸਮੇਤ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਡੀ.ਐਸ.ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਲੁਟੇਰੇ 7-8 ਲੱਖ ਦੀ ਨਕਦੀ, ਦੋ ਮੋਬਾਈਲ ਫ਼ੋਨ ਤੇ ਇੱਕ ਸੋਨੇ ਦੀ ਮੁੰਦਰੀ ਲੈ ਗਏ ਹਨ। ਡੀਐਸਪੀ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇ ਲੜਕੇ ਕਮਲਦੀਪ ਪੁੱਤਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 460 ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਇੱਕ ਸੀਸੀਟੀਵੀ ਫ਼ੁਟੇਜ ਵੀ ਮਿਲੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਦੋਸ਼ੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All