ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ

ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ; ਪਿੰਡ ’ਚ ਦਹਿਸ਼ਤ ਦਾ ਮਾਹੌਲ

ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ

ਪਿੰਡ ਸ਼ਿਕਾਰਪੁਰ ’ਚ ਹੋਏ ਬਜ਼ੁਰਗ ਜੋੜੇ (ਇਨਸੈੱਟ) ਦੇ ਕਤਲ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ। -ਫੋਟੋ : ਮਲਕੀਅਤ ਸਿੰਘ

ਦੇਸ ਰਾਜ
ਸੁਲਤਾਨਪੁਰ ਲੋਧੀ, 29 ਅਕਤੂਬਰ
ਬੀਤੀ ਰਾਤ ਪਿੰਡ ਸ਼ਿਕਾਰਪੁਰ ਵਿਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਬਜ਼ੁਰਗ ਜੋੜੇ ਦਾ ਕਤਲ ਕੀਤੇ ਜਾਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪਹਿਲਾਂ ਡੀਐੱਸਪੀ ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਅਤੇ ਐੱਸਐੱਚਓ ਇੰਸਪੈਕਟਰ ਸਰਬਜੀਤ ਸਿੰਘ ਮੌਕੇ ’ਤੇ ਪੁੱਜੇ। ਉਪਰੰਤ ਐੱਸਪੀ ਹੈੱਡਕੁਆਟਰ ਮਨਦੀਪ ਸਿੰਘ ਅਤੇ ਐੱਸਪੀ ਸਰਬਜੀਤ ਸਿੰਘ ਬਾਹੀਆ ਵੀ ਮੌਕੇ ’ਤੇ ਪੁੱਜੇ ਅਤੇ ਘਟਨਾ ਦੀ ਜਾਂਚ ਕੀਤੀ। ਮਾਮਲੇ ਦੀ ਡੂੰਘਾਈ ਨੂੰ ਵੇਖਦਿਆਂ ਉਨ੍ਹਾਂ ਡਾਗ ਸਕੁਐਡ ਅਤੇ ਫਿੰਗਰ ਪਿ੍ੰਟ ਮਾਹਿਰ ਵੀ ਬੁਲਾਏ।

ਪਿੰਡ ਵਾਸੀ ਗਿਆਨ ਸਿੰਘ ਨੇ ਦੱਸਿਆ ਕਿ ਮਿ੍ਤਕ ਜਰਨੈਲ ਸਿੰਘ ਪੁੱਤਰ ਭਜਨ ਸਿੰਘ ਅਤੇ ਉਸ ਦੀ ਪਤਨੀ ਜੁਗਿੰਦਰ ਕੌਰ ਲੰਬੇ ਸਮੇਂ ਤੋਂ ਇਕੱਲੇ ਹੀ ਪਿੰਡ ਵਿੱਚ ਰਹਿੰਦੇ ਸਨ। ਉਨ੍ਹਾਂ ਦਾ ਇੱਕ ਬੇਟਾ ਵਿਦੇਸ਼ ਵਿੱਚ ਸਮੇਤ ਪਰਿਵਾਰ ਹੈ ਅਤੇ ਦੂਜਾ ਸੁਲਤਾਨਪੁਰ ਲੋਧੀ ਵਿਚ ਮੈਡੀਕਲ ਸਟੋਰ ਚਲਾਉਂਦਾ ਹੈ ਤੇ ਉਸ ਦੀ ਰਿਹਾਇਸ਼ ਵੀ ਸੁਲਤਾਨਪੁਰ ਵਿੱਚ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਮਾਤਾ ਜੋਗਿੰਦਰ ਕੌਰ ਰੋਜ਼ਾਨਾ ਆਪਣੇ ਘਰ ਦੇ ਸਾਹਮਣੇ ਬਣੀ ਹਵੇਲੀ ਵਿੱਚ ਪਸ਼ੂਆਂ ਦੀ ਦੇਖ ਭਾਲ ਲਈ ਜਾਂਦੀ ਸੀ ਪਰ ਅੱਜ ਜਦੋਂ ਸਵੇਰੇ 6 ਵਜੇ ਤੱਕ ਨਜ਼ਰ ਨਹੀਂ ਆਈ ਤਾਂ ਉਸ ਦੇ ਗੁਆਂਢ ਰਹਿੰਦੇ ਇੱਕ ਰਿਸ਼ਤੇਦਾਰ ਨੇ ਘਰ ਵੱਲ ਵੇਖਿਆ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਜਦੋਂ ਘਰ ਦੇ ਅੰਦਰ ਜਾ ਕੇ ਉਸ ਨੇ ਦੇਖਿਆ ਤਾਂ ਬਜ਼ੁਰਗ ਮਾਤਾ ਖੂਨ ਨਾਲ ਲੱਥ ਪੱਥ ਵਰਾਂਡੇ ਵਿੱਚ ਪਈ ਸੀ ਅਤੇ ਨੇੜੇ ਹੀ ਮੰਜੇ ’ਤੇ ਉਸ ਦਾ ਪਤੀ ਜਰਨੈਲ ਸਿੰਘ ਵੀ ਮਰਿਆ ਪਿਆ ਸੀ। ਦੋਵਾਂ ਦੇ ਮੂੰਹ ਉਪਰ ਉਨ੍ਹਾਂ ਦੇ ਘਰ ਵਿੱਚ ਪਈਆਂ ਝੋਨੇ ਦੀਆਂ ਬੋਰੀਆਂ ਰੱਖੀਆਂ ਹੋਈਆਂ ਸਨ।

ਉਨ੍ਹਾਂ ਦੱਸਿਆ ਕਿ ਪਿੰਡ ਵਾਲਿਆਂ ਨੂੰ ਸੂਚਨਾ ਦੇਣ ਉਪਰੰਤ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਪੁਲੀਸ ਅਤੇ ਮਿ੍ਤਕ ਦੇ ਬੇਟੇ ਬਲਵਿੰਦਰ ਸਿੰਘ ਨੂੰ ਫੋਨ ’ਤੇ ਸੂਚਨਾ ਦਿੱਤੀ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਰ ਹਫ਼ਤੇ ਆਪਣੇ ਮਾਤਾ ਪਿਤਾ ਨੂੰ ਮਿਲਣ ਆਊਂਦਾ ਸੀ ਅਤੇ ਉਨਾਂ ਨੂੰ ਸ਼ਹਿਰ ਰਹਿਣ ਲਈ ਵੀ ਕਹਿੰਦਾ ਸੀ ਪਰ ਉਹ ਕਹਿੰਦੇ ਸੀ ਕਿ ਉਹ ਪਿੰਡ ਹੀ ਰਹਿਣਗੇ। ਉਸ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।

ਬਜ਼ੁਰਗ ਜੋੜੇ ਦਾ ਕਤਲ ਕਰਨ ਤੋਂ ਬਾਅਦ ਘਰ ਵਿੱਚ ਫਰੋਲਾ ਫਰਾਲੀ ਕੀਤੀ ਗਈ ਸੀ ਜੋ ਕਿ ਲੁੱਟ ਵੱਲ ਇਸ਼ਾਰਾ ਕਰ ਰਹੀ ਸੀ। ਇਸ ਸਬੰਧੀ ਡੀਐੱਸਪੀ ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਅਤੇ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਤਲਾਂ ਨੇ ਮਿ੍ਤਕ ਜੋੜੇ ਦਾ ਤੇਜ਼ਧਾਰ ਸੁੂਏ ਨਾਲ ਕਤਲ ਕੀਤਾ ਹੈ ਕਿਉਂਕਿ ਦੋਹਾਂ ਦੇ ਸਿਰ ਦੇ ਪਿਛਲੇ ਪਾਸੇ ਗਲੇ ’ਤੇ ਸੁੂਏ ਦੇ ਨਿਸ਼ਾਨ ਹਨ। ਉਨ੍ਹਾਂ ਦੱਸਿਆ ਮਾਮਲੇ ਦੀ ਜਾਂਚ ਕਰਕੇ ਛੇਤੀ ਹੀ ਇਸ ਕਤਲ ਕਾਂਡ ਤੋਂ ਪਰਦਾ ਚੁੱਕਿਆ ਜਾਵੇਗਾ।

ਪਿੰਡ ਸ਼ਿਕਾਰਪੁਰ ’ਚ ਹੋਏ ਬਜ਼ੁਰਗ ਜੋੜੇ (ਇਨਸੈੱਟ) ਦੇ ਕਤਲ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ। -ਫੋਟੋ : ਮਲਕੀਅਤ ਸਿੰਘ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All