ਸਿੱਖਿਆ ਨੀਤੀ ਵਿਦਿਆਰਥੀ ਵਿਰੋਧੀ ਕਰਾਰ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੀ ਸੂਬਾ ਪੱਧਰੀ ਕਾਡਰ ਮੀਟਿੰਗ ਇੱਥੇ ਸਥਾਨਕ ਰੋਡਵੇਜ਼ ਦੇ ਦਫ਼ਤਰ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰਾਂ ਤੋਂ ਇਲਾਵਾ ਹੋਰਨਾਂ ਸੂਬਾ ਜਨਰਲ ਸਕੱਤਰ ਜਿੰਦਰ...
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੀ ਸੂਬਾ ਪੱਧਰੀ ਕਾਡਰ ਮੀਟਿੰਗ ਇੱਥੇ ਸਥਾਨਕ ਰੋਡਵੇਜ਼ ਦੇ ਦਫ਼ਤਰ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰਾਂ ਤੋਂ ਇਲਾਵਾ ਹੋਰਨਾਂ ਸੂਬਾ ਜਨਰਲ ਸਕੱਤਰ ਜਿੰਦਰ ਪਾਇਲਟ, ਵਿਤ ਸਕੱਤਰ ਨਵੀਨ ਸਚਦੇਵਾ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ, ਮੀਡੀਆ ਸਕੱਤਰ ਗੁਰਪ੍ਰੀਤ ਮਾੜੀ ਮੇਘਾ, ਸੂਬਾ ਸਲਾਹਕਾਰ ਬਲਕਾਰ ਵਲਟੋਹਾ ਤੇ ਪ੍ਰੇਮ ਚਾਵਲਾ, ਕਾਰਜ ਸਿੰਘ ਕੈਰੋਂ ਨੇ ਵੀ ਸ਼ਮੂਲੀਅਤ ਕੀਤੀ।
ਬੁਲਾਰਿਆਂ ਨੇ ਨਵੀਂ ਸਿੱਖਿਆ ਨੀਤੀ ਨੂੰ ਮਿਹਨਤਕਸ਼ ਜਨਤਾ ਅਤੇ ਵਿਦਿਆਰਥੀ ਵਿਰੋਧੀ ਆਖਦਿਆਂ ਇਸ ਨੂੰ ਤੁਰੰਤ ਬਦਲ ਕੇ ਕੁਠਾਰੀ ਸਿੱਖਿਆ ਕਮਿਸ਼ਨ ਵੱਲੋਂ ਤਜਵੀਜ਼ ਕੀਤੀ ਅਤੇ ਭਾਰਤੀ ਸੰਸਦ ਵੱਲੋਂ ਪਾਸ ਕੀਤੀ 1968 ਦੀ ਸਿੱਖਿਆ ਨੀਤੀ ਨੂੰ ਲਾਗੂ ਕਰਨ ’ਤੇ ਜ਼ੋਰ ਦਿੱਤਾ। ਆਗੂਆਂ ਨੇ ਪਿਛਲੇ ਸਮੇਂ ਤੋਂ ਕੰਮ ਕਰ ਰਹੇ ਅਧਿਆਪਕਾਂ ’ਤੇ ਟੈੱਟ ਪਾਸ ਕਰਨ ਦੀ ਨੀਤੀ ਵਾਪਸ ਲਏ ਜਾਣ ’ਤੇ ਜ਼ੋਰ ਦਿੱਤਾ। ਬੁਲਾਰਿਆਂ ਕਿਹਾ ਕਿ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਨਾਲ ਪਾਏ ਪਾੜੇ ਦਾ ਅਸਰ ਸਕੂਲ ਸਿੱਖਿਆ ’ਤੇ ਵੀ ਦਿਸ ਰਿਹਾ ਹੈ। ਲੋਕਾਂ ਨੂੰ ਬਰਾਬਰ ਤੇ ਇੱਕ ਸਾਰ ਸਮਾਜਿਕ ਆਰਥਿਕ ਅਤੇ ਰਾਜਨੀਤਕ ਰੁਤਬਾ ਦੇਣ ਦੇ ਰਾਜ ਪ੍ਰਬੰਧ ਵਿੱਚ ਸਾਂਝੀ ਅਤੇ ਬਰਾਬਰਤਾ ਉੱਤੇ ਆਧਾਰਿਤ ਵਿਵਸਥਾ ਵਾਲੀ ਸਿੱਖਿਆ ਨੀਤੀ ਦੀ ਜ਼ਰੂਰਤ ਹੈ। ਜਥੇਬੰਦੀ ਨੇ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕਰਦੇ ਰਹਿਣ ’ਤੇ ਵੀ ਜ਼ੋਰ ਦਿੱਤਾ। ਮੀਟਿੰਗ ਵਿੱਚ ਜਥੇਬੰਦੀ ਦੇ ਤਰਨ ਤਾਰਨ ਦੇ ਜ਼ਿਲ੍ਹਾ ਆਗੂਆਂ ਨੇ ਵੀ ਹਿੱਸਾ ਲਿਆ।

