eco-tourism project: ‘ਹਵਾ ਮਹਿਲ’ ਦੇ ਪੱਲੀ ਨਾਲ ਢਕੇ ਨੀਂਹ ਪੱਥਰ ਦਾ ਮੁੱਦਾ ਗੂੰਜਿਆ
ਵਿਧਾਇਕ ਘੁੰਮਣ ਨੇ ਅਧੂਰੇ ਪ੍ਰਾਜੈਕਟ ’ਤੇ ਵਿਰੋਧੀਆਂ ਦੇ ਸਵਾਲਾਂ ਲਈ ਅਫਸਰਸ਼ਾਹੀ ਜ਼ਿੰਮੇਵਾਰ ਠਹਿਰਾੲੀ
ਕੰਢੀ ਦੇ ਮਸ਼ਹੂਰ ‘ਹਵਾ ਮਹਿਲ’ ਦੇ ‘ਆਪ’ ਸਰਕਾਰ ਵਲੋਂ ਐਲਾਨੇ ਈਕੋ ਟੂਰਿਜ਼ਮ ਪ੍ਰਾਜੈਕਟ ਦੇ ਅਧੂਰੇ ਪਏ ਕੰਮਾਂ ਕਾਰਨ ਤਰਪਾਲਾਂ ਨਾਲ ਢੱਕੇ ਉਦਘਾਟਨੀ ਨੀਂਹ ਪੱਥਰ ਦਾ ਮੁੱਦਾ ਅੱਜ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਵਿਧਾਨ ਸਭਾ ਵਿੱਚ ਚੁੱਕਿਆ ਗਿਆ। ਵਿਧਾਇਕ ਨੇ ਅਧੂਰੇ ਪ੍ਰਾਜੈਕਟ ਜਿਸ ਕਾਰਨ ਜਿਸ ਉਨ੍ਹਾਂ ਕਾਰਗੁਜ਼ਾਰੀ ’ਤੇ ਉਂਗਲ ਚੁੱਕੀ ਜਾ ਰਹੀ ਹੈ, ਸਬੰਧੀ ਵਿਰੋਧੀਆਂ ਵਲੋਂ ਚੁੱਕੇ ਜਾ ਰਹੇ ਸਵਾਲਾਂ ਲਈ ਅਫਸਰਸ਼ਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਦੱਸਣਯੋਗ ਹੈ ਕਿ ਅਪਰੈਲ 2025 ਵਿੱਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਤਲਵਾੜਾ ਦੇ ਹਵਾ ਮਹਿਲ ਨੂੰ ਈਕੋ ਟੂਰਿਜ਼ਮ ਪ੍ਰਾਜੈਕਟ ਅਧੀਨ ਲਿਆ ਕੇ ਵਿਕਸਤ ਕਰਨ ਦਾ ਐਲਾਨ ਕੀਤਾ ਸੀ। ਨੀਂਹ ਪੱਥਰ ਰੱਖਣ ਮੌਕੇ ਸ੍ਰੀ ਕਟਾਰੂਚੱਕ ਨੇ 2 ਅਸਥਾਈ ਝੌਂਪੜੀਆਂ, 1 ਰਸੋਈ, 1 ਡਾਇਨਿੰਗ ਹਾਲ ਅਤੇ ਸਥਾਨਕ ਵਾਸੀਆਂ ਲਈ ਕੈਂਟੀਨ ਦੀ ਸਹੂਲਤ ਵਾਲਾ ਇਹ ਪ੍ਰਾਜੈਕਟ ਲਗਪਗ 80 ਲੱਖ ਰੁਪਏ ਨਾਲ ਪੂਰਾ ਹੋਣ ਦੀ ਗੱਲ ਆਖੀ ਸੀ। ਪ੍ਰਾਜੈਕਟ ਅਧੀਨ ਹਵਾ ਮਹਿਲ ਕੈਂਪ ਤੋਂ ਤਲਵਾੜਾ ਤੱਕ 2 ਕਿਲੋਮੀਟਰ ਲੰਬੀ ‘ਨੇਚਰ ਟ੍ਰੇਲ’ ਬਣਾਉਣ ਤੇ ਸ਼ਾਹ ਨਹਿਰ ਬੈਰਾਜ ’ਤੇ ਵਾਟਰ ਸਪੋਰਟਸ ਦੀ ਸਹੂਲਤ ਵੀ ਸੈਲਾਨੀਆਂ ਲਈ ਉਪਲਬਧ ਕਰਾਉਣ ਦਾ ਦਾਅਵਾ ਵੀ ਕੀਤਾ ਗਿਆ ਸੀ।
ਵਿਧਾਇਕ ਘੁੰਮਣ ਨੇ 80 ਲੱਖ ਦਾ ਬਜਟ ਪਾਸ ਹੋਣ ਦੇ ਬਾਵਜੂਦ ਵੀ ‘ਹਵਾ ਮਹਿਲ’ ਈਕੋ ਪ੍ਰਾਜੈਕਟ ਦਾ ਕੰਮ ਸ਼ੁਰੂ ਨਾ ਹੋਣ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਦਿਆਂ ਕਿਹਾ ਕਿ ਜਦੋਂ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਦਾ ਸੀ ਤਾਂ ਅਫਸਰਾਂ ਨੇ ਜਨਤਾ ਦੇ ਨੁਮਾਇੰਦਿਆਂ ਨੂੰ ਗੁਮਰਾਹ ਕਰਕੇ ਨੀਂਹ ਪੱਥਰ ਕਿਉਂ ਰਖਵਾਏ ਸਨ। ਉਨ੍ਹਾ ਦੋਸ਼ ਲਾਇਆ ਕਿ ਅਫਸਰਸ਼ਾਹੀ ਵਲੋਂ ਲੋਕ ਨੁਮਾਇੰਦਿਆਂ ਨੂੰ ਹਨੇਰੇ ਵਿੱਚ ਰੱਖਿਆ ਗਿਆ, ਜਦੋਂ ਕਿ ਹਲਕੇ ਦੇ ਲੋਕ ਇੱਕ ਸਾਲ ਬਾਅਦ ਵੀ ਪ੍ਰਾਜੈਕਟ ਮੁਕੰਮਲ ਨਾ ਹੋਣ ਬਾਰੇ ਜਵਾਬ ਮੰਗ ਰਹੇ ਹਨ।
ਡੱਬੀ —ਭਾਜਪਾ ਆਗੂ ਨੇ ਨੀਂਹ ਪੱਥਰ ਦੀ ਵੀਡੀਓ ਵਾਇਰਲ ਕੀਤੀ ਸੀ
ਭਾਜਪਾ ਆਗੂ ਦਲਜੀਤ ਸਿੰਘ ਜੀਤੂ ਨੇ ਹਲਕਾ ਵਿਧਾਇਕ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਹਵਾ ਮਹਿਲ ਦੇ ਤਰਪਾਲਾਂ ਨਾਲ ਢੱਕੇ ਨੀਂਹ ਪੱਥਰ ਦੀ ਵੀਡੀਓ ਕੁਝ ਦਿਨ ਪਹਿਲਾਂ ਸ਼ੋਸਲ ਮੀਡੀਆ ’ਤੇ ਵਾਇਰਲ ਕੀਤੀ ਸੀ। ਇਸ ਮਗਰੋਂ ਇਹ ਪ੍ਰਾਜੈਕਟ ਪੂਰਾ ਸਬੰਧੀ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ।
ਤਕਨੀਕੀ ਅੜਿੱਕੇ ਦੂਰ ਹੋਣ ਮਗਰੋਂ ਪ੍ਰਾਜੈਕਟ ਪੂਰਾ ਹੋਵੇਗਾ: ਕਟਾਰੂਚੱਕ
ਸਵਾਲ ਦੇ ਜਵਾਬ ਵਿੱਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਈਕੋ ਪ੍ਰਾਜੈਕਟ ‘ਹਵਾ ਮਹਿਲ’ ਮੁਕੰਮਲ ਕਰਨ ਲਈ ਕੁਝ ਕੇਂਦਰੀ ਮਨਜ਼ੂਰੀਆਂ ਲੋੜੀਂਦੀਆਂ ਸਨ, ਜਿਨ੍ਹਾਂ ਸਬੰਧੀ 27 ਮਈ 2026 ਨੂੰ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ। ਮਨਜ਼ੂਰੀ ਮਗਰੋਂ ‘ਹਵਾ ਮਹਿਲ’ ਦੀ ਉਸਾਰੀ ਦਾ ਰਾਹ ਪੱਧਰਾ ਹੋ ਜਾਵੇਗਾ। ਪ੍ਰਾਜੈਕਟ ਲਈ 80 ਲੱਖ ਦਾ ਫੰਡ ਅਲਾਟ ਹੋ ਚੁੱਕਾ ਹੈ ਅਤੇ ਜਲਦ ਹੀ ਇਹ ਪ੍ਰਾਜੈਕਟ ਮੁਕੰਮਲ ਕਰ ਲਿਆ ਜਾਵੇਗਾ।

