ਪੇਂਡੂ ਮਜ਼ਦੂਰ ਯੂਨੀਅਨ ਦੇ ਵਿਰੋਧ ਸਦਕਾ ਗ੍ਰਾਮ ਸਭਾ ਦਾ ਇਜਲਾਸ ਅੱਗੇ ਪਾਇਆ : The Tribune India

ਪੇਂਡੂ ਮਜ਼ਦੂਰ ਯੂਨੀਅਨ ਦੇ ਵਿਰੋਧ ਸਦਕਾ ਗ੍ਰਾਮ ਸਭਾ ਦਾ ਇਜਲਾਸ ਅੱਗੇ ਪਾਇਆ

ਸਿਰਫ ਤਿੰਨ ਕੁ ਘੰਟੇ ਪਹਿਲਾਂ ਅਨਾਊਂਸਮੈਂਟ ਕਰ ਕੇ ਦਿੱਤੀ ਗਈ ਸੀ ਇਜਲਾਸ ਬਾਰੇ ਜਾਣਕਾਰੀ

ਪੇਂਡੂ ਮਜ਼ਦੂਰ ਯੂਨੀਅਨ ਦੇ ਵਿਰੋਧ ਸਦਕਾ ਗ੍ਰਾਮ ਸਭਾ ਦਾ ਇਜਲਾਸ ਅੱਗੇ ਪਾਇਆ

ਗ੍ਰਾਮ ਸਭਾ ਦੇ ਇਜਲਾਸ ਵਿਚ ਹਾਜ਼ਰ ਮੈਂਬਰ ਤੇ ਯੂਨੀਅਨ ਆਗੂ। -ਫੋਟੋ: ਖੋਸਲਾ

ਪੱਤਰ ਪ੍ਰੇਰਕ

ਸ਼ਾਹਕੋਟ, 5 ਦਸੰਬਰ

ਪੇਂਡੂ ਮਜ਼ਦੂਰ ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਚਰਨ ਸਿੰਘ ਅਟਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਦੇ ਵਿਰੋਧ ਸਦਕਾ ਪਿੰਡ ਕੰਗ ਕਲਾਂ ਵਿੱਚ ਰੱਖੇ ਗਏ ਗ੍ਰਾਮ ਸਭਾ ਦੇ ਇਜਲਾਸ ਦੀ ਤਰੀਕ ਪੰਚਾਇਤ ਵਿਭਾਗ ਵੱਲੋਂ 9 ਦਸੰਬਰ ਕਰ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫਸ਼ਰ ਲੋਹੀਆਂ ਖਾਸ ਵੱਲੋਂ ਪਿੰਡ ਕੰਗ ਕਲਾਂ ਵਿੱਚ ਗ੍ਰਾਮ ਸਭਾ ਦਾ ਇਜਲਾਸ 5 ਦਸੰਬਰ ਨੂੰ ਰੱਖਿਆ ਗਿਆ ਸੀ। ਇਜਲਾਸ ਸ਼ੁਰੂ ਕਰਨ ਦੇ ਰੱਖੇ ਗਏ ਸਮੇਂ ਤੋਂ ਮਹਿਜ਼ ਤਿੰਨ ਕੁ ਘੰਟੇ ਪਹਿਲਾਂ ਪਿੰਡ ਵਿੱਚ ਅਨਾਊਂਸਮੈਂਟ ਕਰਵਾ ਕੇ ਇਸ ਬਾਰੇ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ ਗਈ। ਪੰਚਾਇਤ ਵਿਭਾਗ ਦੀ ਇਸ ਕਾਰਵਾਈ ਤੋਂ ਲੱਗਦਾ ਕਿ ਉਹ ਸਮੁੱਚੇ ਪਿੰਡ ਦੇ ਵੋਟਰਾਂ ਨੂੰ ਇਜਲਾਸ ਦਾ ਹਿੱਸਾ ਨਹੀਂ ਸਨ ਬਣਾਉਣਾ ਚਾਹੁੰਦੇ। ਯੂਨੀਅਨ ਵੱਲੋਂ ਇਸ ਨੀਤੀ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਜਦੋਂ ਵਿਭਾਗ ਦੇ ਕਰਮਚਾਰੀ ਕੋਈ ਵੀ ਕਾਰਵਾਈ ਪਾਏ ਜਾਣ ਤੋਂ ਬਾਅਦ ਇਜਲਾਸ ਨੂੰ ਮੁਅੱਤਲ ਕਰਨ ਲੱਗੇ ਤਾਂ ਮੈਂਬਰਾਂ ਦੀ ਹਾਜ਼ਰੀ ਲਗਵਾਉਣ ਦੀ ਮੰਗ ਕੀਤੀ। ਗ੍ਰਾਮ ਸਭਾ ਦੇ ਮੈਂਬਰਾਂ ਦੀ ਘੱਟ ਸ਼ਮੂਲੀਅਤ ਨੂੰ ਦੇਖਦਿਆਂ ਉਨ੍ਹਾਂ ਦੀ ਹਾਜ਼ਰੀ ਲਗਵਾਉਣ ਤੋਂ ਬਾਅਦ ਵਿਭਾਗ ਨੇ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰਦਿਆਂ ਇਜਲਾਸ ਦੀ ਅਗਲੀ ਤਰੀਕ 9 ਦਸੰਬਰ ਤੈਅ ਕਰ ਦਿਤੀ।

ਇਸ ਮੌਕੇ ਇਲਾਕਾ ਕਮੇਟੀ ਲੋਹੀਆਂ ਖਾਸ ਦੇ ਪ੍ਰਧਾਨ ਅਮਰਜੀਤ ਸਿੰਘ ਨਾਹਰ, ਜੋਗਿੰਦਰ ਸਿੰਘ ਖਾਲਸਾ, ਸੁਖਦੇਵ, ਸ਼ਿੰਗਾਰਾ ਸਹੋਤਾ, ਜੋਤੀ, ਸਲਵਿੰਦਰ ਕੌਰ, ਕੁਲਵਿੰਦਰ ਕੌਰ, ਬਿੰਦਰ ਅਤੇ ਮੰਨੀ ਆਦਿ ਹਾਜ਼ਰ ਸਨ।

ਉੱਧਰ, ਇਸ ਸਬੰਧੀ ਬੀਡੀਪੀਓ ਲੋਹੀਆਂ ਖਾਸ ਮਲਕੀਤ ਸਿੰਘ ਨੇ ਕਿਹਾ ਕਿ ਇਜਲਾਸ ਬਾਰੇ ਪਹਿਲਾਂ ਪਿੰਡਾਂ ਵਿੱਚ ਦੱਸਣਾ ਹੁੰਦਾ ਹੈ ਪਰ ਪੰਚਾਇਤ ਸਕੱਤਰਾਂ ਦੀ ਚੱਲ ਰਹੀ ਹੜਤਾਲ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਉਨ੍ਹਾਂ ਨੂੰ ਮਿਲੇ ਸਨ ਤੇ ਉਨ੍ਹਾਂ ਦੀ ਸਹਿਮਤੀ ਨਾਲ ਇਜਲਾਸ ਦੀ ਤਰੀਕ 9 ਦਸੰਬਰ ਰੱਖ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All