drinking water problem: ਚੇਤਨਪੁਰਾ ਵਾਸੀ ਪੀਣ ਵਾਲੇ ਸਾਫ਼ ਪਾਣੀ ਨੂੰ ਤਰਸੇ
ਇਤਿਹਾਸਕ ਪਿੰਡ ਚੇਤਨਪੁਰਾ ਦੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪਿੰਡ ਵਾਸੀਆਂ ਵੱਲੋਂ ਪਾਣੀ ਵਾਲੀ ਟੈਂਕੀ ਬਣਾਉਣ ਲਈ ਧਰਨੇ-ਮੁਜ਼ਾਹਰੇ ਕੀਤੇ ਗਏ ਸਨ। ਇਸ ਮਗਰੋਂ ਪਿੰਡ ਵਿੱਚ ਪਾਣੀ ਵਾਲੀ ਟੈਂਕੀ ਤਾਂ ਬਣਾ...
ਇਤਿਹਾਸਕ ਪਿੰਡ ਚੇਤਨਪੁਰਾ ਦੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪਿੰਡ ਵਾਸੀਆਂ ਵੱਲੋਂ ਪਾਣੀ ਵਾਲੀ ਟੈਂਕੀ ਬਣਾਉਣ ਲਈ ਧਰਨੇ-ਮੁਜ਼ਾਹਰੇ ਕੀਤੇ ਗਏ ਸਨ। ਇਸ ਮਗਰੋਂ ਪਿੰਡ ਵਿੱਚ ਪਾਣੀ ਵਾਲੀ ਟੈਂਕੀ ਤਾਂ ਬਣਾ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਸੀਬ ਨਹੀਂ ਹੋ ਰਿਹਾ। ਪਿੰਡ ਵਾਸੀਆਂ ਅਨੁਸਾਰ ਇਹ ਟੈਂਕੀ ਹੁਣ ‘ਚਿੱਟਾ ਹਾਥੀ’ ਸਾਬਤ ਹੋ ਰਹੀ ਹੈ।
ਪਿੰਡ ਦੇ ਲੋਕਾਂ ਨੇ ਕਿਹਾ ਕਿ ਪਿੰਡ ਦੇ ਪਾਣੀ ਦੀ ਗੁਣਵੱਤਾ ਬਹੁਤ ਖ਼ਰਾਬ ਹੈ। ਇਸ ਕਾਰਨ ਲੋਕਾਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕੈਂਸਰ ਕਾਰਨ ਕਰੀਬ 60 ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਪਿੰਡ ਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਸਾਫ਼ ਪਾਣੀ ਨਾ ਮਿਲਣ ਕਾਰਨ ਲੋਕ ਗੁਰਦੁਆਰੇ ਅਤੇ ਨੇੜਲੇ ਪਿੰਡ ਵਿੱਚ ਬਣੀ ਪਾਣੀ ਵਾਲੀ ਟੈਂਕੀ ਤੋਂ ਪਾਣੀ ਲਿਆਉਣ ਲਈ ਮਜਬੂਰ ਹਨ। ਪਿੰਡ ਵਿੱਚ ਬਣੀ ਟੈਂਕੀ ਤੋਂ ਸਪਲਾਈ ਕਰਨ ਵਾਲੀਆਂ ਪਾਈਪਾਂ ਕਈ ਥਾਵਾਂ ਤੋਂ ਲੀਕ ਹੋਣ ਕਾਰਨ ਪਾਣੀ ਦੀ ਸਪਲਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਰਹੀ।
ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਪਾਣੀ ਦੀ ਟੈਂਕੀ ਦੀਆਂ ਪਾਈਪਾਂ ਦੀ ਤੁਰੰਤ ਮੁਰੰਮਤ ਕਰਵਾ ਕੇ ਸਪਲਾਈ ਬਹਾਲ ਕੀਤੀ ਜਾਵੇ ਅਤੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਪਿੰਡ ਵਾਸੀਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਬਿੱਲ ਨਾ ਭਰਨ ਕਾਰਨ ਦਿੱਕਤ ਆਈ: ਜੇ ਈ
ਜਲ ਸਪਲਾਈ ਵਿਭਾਗ ਦੇ ਜੇ ਈ ਦਿਸ਼ਾਂਤ ਨੇ ਦੱਸਿਆ ਕਿ ਪਾਣੀ ਵਾਲੀ ਟੈਂਕੀ ਦਾ ਪ੍ਰਬੰਧ ਪੰਚਾਇਤ ਕੋਲ ਹੈ। ਉਨ੍ਹਾਂ ਦੱਸਿਆ ਕਿ ਲੋਕ ਪਾਣੀ ਦਾ ਬਿੱਲ ਨਹੀਂ ਦੇ ਰਹੇ ਇਸ ਕਾਰਨ ਟੈਂਕੀ ’ਤੇ ਕੋਈ ਵੀ ਆਦਮੀ ਕੰਮ ਕਰਨ ਨੂੰ ਤਿਆਰ ਨਹੀਂ। ਉਨ੍ਹਾਂ ਦੱਸਿਆ ਕਿ ਜਿੰਨਾ ਚਿਰ ਤੱਕ ਬਿੱਲ ਨਹੀਂ ਦਿੱਤੇ ਜਾਂਦੇ, ਉਨਾ ਚਿਰ ਕੋਈ ਵੀ ਟੈਂਕੀ ਦਾ ਕੰਮ ਨਹੀਂ ਚੱਲ ਸਕਦਾ। ਟੈਂਕੀ ਬਿਲਕੁਲ ਠੀਕ ਹੈ ਅਤੇ ਬਿਜਲੀ ਦਾ ਕੰਮ ਹੋ ਚੁੱਕਾ ਹੈ। ਸਾਰੀ ਦਿੱਕਤ ਬਿੱਲ ਅਦਾ ਨਾ ਕਰਨੇ ਹਨ।
ਜਲਦੀ ਸਾਫ਼ ਪਾਣੀ ਦੇਵਾਂਗੇ: ਸਰਪੰਚ
ਸਰਪੰਚ ਜਸਬੀਰ ਸਿੰਘ ਨੇ ਕਿਹਾ ਕਿ ਪਹਿਲਾਂ ਟੈਂਕੀ ਵਾਲੇ ਪਾਈਪ ਕਈ ਥਾਵਾਂ ਤੋਂ ਲੀਕ ਸਨ ਪਰ ਹੁਣ ਮੋਟਰ ਸੜ ਗਈ ਹੈ। ਜਲਦੀ ਹੀ ਮੋਟਰ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ 70 ਤੋਂ 80 ਹਜ਼ਾਰ ਰੁਪਾਏ ਬਕਾਇਆ ਹਨ, ਉਹ ਵੀ ਜਲਦੀ ਦੇ ਦਿੱਤੇ ਜਾਣਗੇ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲ ਸਕੇ।

