Dr. B.R. Ambedkar's Statue Vandalized: ਬਾੜੀਆਂ ਕਲਾਂ ’ਚ ਡਾ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ
ਬਸਪਾ ਨੇ ਪ੍ਰਦਰਸ਼ਨ ਕੀਤਾ; ਬੇਅਦਬੀ ਦੀ ਇਹ 12ਵੀਂ ਘਟਨਾ: ਕਰੀਮਪੁਰੀ
ਬਲਾਕ ਮਾਹਿਲਪੁਰ ਅਧੀਨ ਪੈਂਦੇ ਪਿੰਡ ਬਾੜੀਆਂ ਕਲਾਂ ਦੇ ਪਾਰਕ ਵਿੱਚ ਲੱਗੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਇੱਟਾਂ-ਰੋੜੇ ਮਾਰ ਕੇ ਨੁਕਸਾਨ ਪਹੁੰਚਾਇਆ ਗਿਆ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਲੋਕਾਂ ਅਤੇ ਦਲਿਤ ਜਥੇਬੰਦੀਆਂ ਵਿੱਚ ਭਾਰੀ ਰੋਸ ਫੈਲ ਗਿਆ। ਰੋਸ ਪ੍ਰਗਟ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਅਵਤਾਰ ਸਿੰਘ ਕਰੀਮਪੁਰੀ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਇਹ 12ਵੀਂ ਘਟਨਾ ਹੈ, ਪਰ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਪ੍ਰਤੀ ਪੂਰੀ ਤਰ੍ਹਾਂ ਲਾਪਰਵਾਹ ਬੈਠੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵਿਦੇਸ਼ਾਂ ਵਿੱਚ ਬੈਠੇ ਵਿਅਕਤੀ ਅਜਿਹੇ ਕਾਕਿਆਂ ਦੀ ਜ਼ਿੰਮੇਵਾਰੀ ਲੈ ਰਹੇ ਹਨ, ਤਾਂ ਸਰਕਾਰ ਦੀ ਚੁੱਪ ਬਹੁਤ ਮੰਦਭਾਗੀ ਹੈ। ਇਸ ਮੌਕੇ ਪਿੰਡ ਦੀ ਸਰਪੰਚ ਬੀਬੀ ਮਨਜੀਤ ਕੌਰ, ਦਲਿਤ ਆਗੂ ਡਾ. ਅਜੇ ਮੱਲ ਅਤੇ ਬਸਪਾ ਹਲਕਾ ਆਗੂ ਪਲਵਿੰਦਰ ਮਾਨਾ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਬੁੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਥਾਣਾ ਚੱਬੇਵਾਲ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਬਾਵਾ ਸਾਬਕਾ ਸਰਪੰਚ, ਡਾ. ਰਾਮੇਸ਼, ਕਿਸ਼ਨ ਚੰਦ ਭਾਟੀਆ, ਚਮਨ ਲਾਲ ਟੂਟੋ ਮਜਾਰਾ, ਇੰਜ ਅਮਨਦੀਪ ਸਿੱਧੂ ਆਗੂ ਹਾਜ਼ਰ ਸਨ।

