ਸੀਐੱਲਯੂ ਤੋਂ ਬਿਨਾਂ ਉਸਰੀਆਂ ਦਰਜਨਾਂ ਵਪਾਰਕ ਇਮਾਰਤਾਂ : The Tribune India

ਦਸੂਹਾ ਨਗਰ ਕੌਂਸਲ

ਸੀਐੱਲਯੂ ਤੋਂ ਬਿਨਾਂ ਉਸਰੀਆਂ ਦਰਜਨਾਂ ਵਪਾਰਕ ਇਮਾਰਤਾਂ

ਸਰਕਾਰ ਤੇ ਨਗਰ ਕੌਂਸਲ ਨੂੰ ਕਰੋੜਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ

ਸੀਐੱਲਯੂ ਤੋਂ ਬਿਨਾਂ ਉਸਰੀਆਂ ਦਰਜਨਾਂ ਵਪਾਰਕ ਇਮਾਰਤਾਂ

ਦਸੂਹਾ-ਹੁਸ਼ਿਆਰਪੁਰ ਰਾਜ ਮਾਰਗ ’ਤੇ ਨਿਯਮਾਂ ਦੀ ਉਲੰਘਣਾ ਕਰਕੇ ਉਸਾਰੀ ਗਈ ਮਾਰਕੀਟ।

ਜਗਜੀਤ ਸਿੰਘ
ਮੁਕੇਰੀਆਂ/ਦਸੂਹਾ, 9 ਦਸੰਬਰ

ਦਸੂਹਾ ਨਗਰ ਕੌਂਸਲ ਅਧੀਨ ਜਾਅਲੀ ਨਕਸ਼ਿਆਂ ਦੇ ਆਧਾਰ ’ਤੇ ਉੱਸਰੀਆਂ ਇਮਾਰਤਾਂ ਦਾ ਮਸਲਾ ਹਾਲੇ ਭਖ਼ਿਆ ਹੀ ਹੋਇਆ ਹੈ ਤੇ ਦੂਜੇ ਪਾਸੇ ਕੌਂਸਲ ਅਧੀਨ ਕੌਮੀ ਤੇ ਰਾਜ ਮਾਰਗਾਂ ’ਤੇ ਸੀਐੱਲਯੂ ਪਾਸ ਹੋਏ ਬਿਨਾਂ ਹੀ ਉਸਾਰੀਆਂ ਗਈਆਂ ਦੋ ਦਰਜਨ ਤੋਂ ਵੱਧ ਵਪਾਰਕ ਇਮਾਰਤਾਂ ਸਾਹਮਣੇ ਆਈਆਂ ਹਨ।

ਜਾਣਕਾਰੀ ਅਨੁਸਾਰ ਜ਼ਿਆਦਾਤਰ ਇਮਾਰਤਾਂ ਰਸੂਖਦਾਰਾਂ ਦੀਆਂ ਹਨ ਅਤੇ ਬਿਨਾਂ ਸੀਐੱਲਯੂ ਅਤੇ ਨਕਸ਼ੇ ਪਾਸ ਕਰਵਾਇਆਂ ਹੀ ਉਸਾਰੀਆਂ ਗਈਆਂ ਹਨ, ਜਿਸ ਮਗਰੋਂ ਨਗਰ ਕੌਂਸਲ ਦੀ ਕਾਰਗੁਜ਼ਾਰੀ ਮੁੜ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਗ਼ਲਤ ਢੰਗ ਨਾਲ ਉਸਾਰੀਆਂ ਗਈਆਂ ਇਨ੍ਹਾਂ ਇਮਾਰਤਾਂ ਕਾਰਨ ਸਰਕਾਰ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਨਗਰ ਕੌਂਸਲ ਅਧਿਕਾਰੀਆਂ ਨੇ ਇਸ ਨੂੰ ਕੰਮ ਦੇ ਬੋਝ ਕਾਰਨ ਹੋਈ ਕੁਤਾਹੀ ਦੱਸਦਿਆਂ ਸਬੰਧਤ ਇਮਾਰਤਾਂ ਦੀ ਜਾਂਚ ਆਰੰਭ ਦਿੱਤੀ ਹੈ।

ਨਗਰ ਕੌਂਸਲ ਦੇ ਸੂਤਰਾਂ ਅਨੁਸਾਰ ਪਠਾਨਕੋਟ-ਜਲੰਧਰ ਕੌਮੀ ਮਾਰਗ ’ਤੇ ਸੀਐੱਲਯੂ ਤੋਂ ਬਿਨਾਂ ਹੀ ਤਿੰਨ ਵੱਡੀਆਂ ਵਪਾਰਕ ਇਮਾਰਤਾਂ ਦੀ ਉਸਾਰੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਇੱਕ ਬਹੁਮੰਜ਼ਲੀ ਨਵੀਂ ਇਮਾਰਤ ਨੂੰ ਪਹਿਲਾਂ ਬਣੀ ਹੋਈ ਦੱਸ ਕੇ ਅਤੇ ਤਿੰਨ ਸਾਲ ਪਹਿਲਾਂ ਇਮਾਰਤ ਦਾ ਮੈਨੂਅਲ ਨਕਸ਼ਾ ਪਾਸ ਹੋਇਆ ਦੱਸ ਕੇ ਉਸ ਦਾ ਨਕਸ਼ਾ ਪਾਸ ਕਰ ਦਿੱਤਾ ਗਿਆ ਹੈ, ਜਦਕਿ 2018 ਤੋਂ ਆਨਲਾਈਨ ਨਕਸ਼ੇ ਪਾਸ ਹੋਣੇ ਸ਼ੁਰੂ ਹੋ ਗਏ ਸਨ। ਸਰਕਾਰ ਵੱਲੋਂ ਮਾਨਤਾ ਪ੍ਰਾਪਤ ਗੂਗਲ ਨਕਸ਼ੇ ਵਿੱਚ ਵੀ ਉਸ ਸਮੇਂ ਦੌਰਾਨ ਉੱਥੇ ਕੋਈ ਇਮਾਰਤ ਨਹੀਂ ਨਜ਼ਰ ਆ ਰਹੀ ਸਿਰਫ਼ ਖਾਲੀ ਪਲਾਟ ਹੀ ਦਿਖ ਰਿਹਾ ਹੈ।

ਨਿਯਮਾਂ ਅਨੁਸਾਰ ਕੌਮੀ ਮਾਰਗ ’ਤੇ ਪੈਂਦੀਆਂ ਇਨ੍ਹਾਂ ਇਮਾਰਤਾਂ ਦੀ ਪਹਿਲਾਂ ਸੀਐੱਲਯੂ ਪਾਸ ਹੋਣੀ ਸੀ, ਜਿਸ ਤੋਂ ਸਰਕਾਰ ਨੂੰ ਲੱਖਾਂ ਰੁਪਏ ਦੀ ਆਮਦਨ ਹੋਣੀ ਸੀ। ਸੂਤਰਾਂ ਅਨੁਸਾਰ ਦਸੂਹਾ ਹੁਸ਼ਿਆਰਪੁਰ ਮਾਰਗ ’ਤੇ ਗੁਰੂ ਨਾਨਕ ਆਈਟੀਆਈ ਰੋਡ ’ਤੇ ਇੱਕ ਵੱਡੀ ਵਪਾਰਕ ਇਮਾਰਤ ਦੀ ਉਸਾਰੀ ਸੀਐੱਲਯੂ ਤੇ ਨਕਸ਼ਾ ਪਾਸ ਕਰਾਏ ਬਿਨਾਂ ਹੋਈ ਹੈ। ਇਸੇ ਮਾਰਗ ’ਤੇ ਤਿੰਨ ਹੋਰ ਵਪਾਰਕ ਇਮਾਰਤਾਂ ਵੀ ਗ਼ੈਰਕਾਨੂੰਨੀ ਢੰਗ ਨਾਲ ਉਸਾਰੀਆਂ ਗਈਆਂ ਹਨ। ਉਨ੍ਹਾਂ ਦੇ ਨੇੜੇ ਹੀ ਇੱਕ ਅਣਅਧਿਕਾਰਤ ਕਲੋਨੀ ਵਿੱਚ ਵੀ ਬਿਨਾਂ ਕਿਸੇ ਮਨਜ਼ੂਰੀ ਤੋਂ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ। ਇਸ ਮਾਰਗ ’ਤੇ ਪੈਂਦੀ ਇੱਕ ਹੋਰ ਰਿਹਾਇਸ਼ੀ ਕਲੋਨੀ ਵਿੱਚ ਅੱਧੀ ਦਰਜਨ ਤੋਂ ਵੱਧ ਵਪਾਰਕ ਇਮਾਰਤਾਂ ਨਿਯਮਾਂ ਦੀ ਉਲੰਘਣਾ ਕਰਕੇ ਉਸਾਰੀਆਂ ਗਈਆਂ ਹਨ ਤੇ ਹਾਲੇ ਕੁਝ ਦੀ ਉਸਾਰੀ ਜਾਰੀ ਹੈ। ਸ਼ਹਿਰ ਦੀ ਸਟੇਡੀਅਮ ਰੋਡ ਅਤੇ ਦਸੂਹਾ ਹਾਜੀਪੁਰ ਰੋਡ ’ਤੇ ਵੀ ਲਗਪਗ ਅੱਧੀ ਦਰਜਨ ਇਮਾਰਤਾਂ ਸੀਐੱਲਯੂ ਅਤੇ ਨਕਸ਼ਾ ਪਾਸ ਕਰਵਾਏ ਬਿਨਾਂ ਬਣੀਆਂ ਹਨ।

ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ਵਿੱਚ ਨਕਸ਼ਾ ਨਵੀਸਾਂ ਤੋਂ ਬਾਅਦ ਪਹਿਲੀ ਜਾਂਚ ਕਰਨ ਵਾਲੇ ਅਧਿਕਾਰੀਆਂ ਦੀ ਮਿਲੀਭੁਗਤ ਹੈ। ਨਗਰ ਕੌਂਸਲ ਦੇ ਇੱਕ ਮੁਲਾਜ਼ਮ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਕਤ ਲਗਪਗ ਸਾਰੀਆਂ ਇਮਾਰਤਾਂ ਰਸੂਖਦਾਰਾਂ ਤੇ ਸਰਮਾਏਦਾਰਾਂ ਦੀਆਂ ਹਨ, ਜਿਨ੍ਹਾਂ ਵੱਲੋਂ ਕਥਿਤ ਕਾਲਾ ਧਨ ਲਾ ਕੇ ਇਹ ਉਸਾਰੀਆਂ ਕਰਵਾਈਆਂ ਜਾ ਰਹੀਆਂ ਹਨ।

ਇਮਾਰਤਾਂ ਦੀ ਸ਼ਨਾਖਤ ਕਰਵਾ ਕੇ ਛੇਤੀ ਕੀਤੀ ਜਾਵੇਗੀ ਕਾਰਵਾਈ: ਈਓ

ਨਗਰ ਕੌਂਸਲ ਦੇ ਈਓ ਮਦਨ ਸਿੰਘ ਨੇ ਇਸ ਮਾਮਲੇ ਵਿੱਚ ਕਿਹਾ ਕਿ ਜਾਅਲੀ ਨਕਸ਼ਿਆਂ ਸਬੰਧੀ ਸ਼ੱਕ ਦੇ ਘੇਰੇ ਵਿੱਚ ਆਏ ਨਕਸ਼ਾ ਨਵੀਸਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤੇ ਸੀਐੱਲਯੂ ਪਾਸ ਹੋਏ ਬਿਨਾਂ ਵਪਾਰਕ ਇਮਾਰਤਾਂ ਉਸਾਰੇ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਜਿਹੀਆਂ ਇਮਾਰਤਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿੱਚ ਸ਼ਾਮਲ ਨਗਰ ਕੌਂਸਲ ਦੇ ਅਧਿਕਾਰੀਆਂ/ਮੁਲਾਜ਼ਮਾਂ ਦੀ ਵੀ ਸ਼ਨਾਖਤ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਨਾਜਾਇਜ਼ ਉਸਾਰੀਆਂ ਕਰਵਾਉਣ ਵਾਲਿਆਂ ਵੱਲੋਂ ਸਰਕਾਰ ਨੂੰ ਲਗਾਏ ਵਿੱਤੀ ਚੂਨੇ ਦਾ ਹਿਸਾਬ ਲਿਆ ਜਾਵੇਗਾ।

ਇਮਾਰਤਾਂ ਦੇ ਮਾਲਕ ਨਾਜਾਇਜ਼ ਉਸਾਰੀਆਂ ਤੋਂ ਅਣਜਾਣ

ਦਸੂਹਾ-ਹਾਜੀਪੁਰ ਮਾਰਗ ’ਤੇ ਨਿਯਮਾਂ ਦੀ ਉਲੰਘਣਾ ਕਰਕੇ ਉਸਾਰੀ ਗਈ ਇੱਕ ਮਾਰਕੀਟ ਦੀ ਮਾਲਕ ਹਰਵੰਤ ਕੌਰ ਨੇ ਕਿਹਾ ਕਿ ਇਮਾਰਤ ਦੀ ਸੀਐੱਲਯੂ ਪਾਸ ਨਾ ਹੋਣ ਬਾਰੇ ਪੁਸ਼ਟੀ ਹੋ ਗਈ ਹੈ ਅਤੇ ਪਾਸ ਨਕਸ਼ਾ ਦੇਣ ਵਾਲੇ ਨਕਸ਼ਾ ਨਵੀਸ ਖ਼ਿਲਾਫ਼ ਈਓ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉੱਧਰ ਦਸੂਹਾ ਹਾਜੀਪੁਰ ਮਾਰਗ ’ਤੇ ਇੱਕ ਵੱਡ ਅਕਾਰੀ ਵਪਾਰਕ ਇਮਾਰਤ ਦੇ ਮਾਲਕ ਬਲਜੀਤ ਸਿੰਘ ਦੇ ਭਰਾ ਅਮਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਉਸਾਰੀ ਜਾਇਜ਼ ਹੈ, ਪਰ ਬਲਜੀਤ ਸਿੰਘ ਦੀ ਮੌਤ ਹੋਣ ਕਾਰਨ ਦਸਤਾਵੇਜ਼ਾਂ ਬਾਰੇ ਉਹ ਅਣਜਾਣ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All