District Legal Services Authority inspection team: ਹਾਈ ਕੋਰਟ ਦੇ ਹੁਕਮਾਂ ’ਤੇ ਜਾਂਚ ਟੀਮ ਹਾਜੀਪੁਰ ਪੁੱਜੀ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਅੱਜ ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ ਦੀ ਜਾਂਚ ਟੀਮ ਨੇ ਹਾਜੀਪੁਰ ਦੇ ਖਣਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਐੱਸ ਡੀ ਐੱਮ ਮੁਕੇਰੀਆਂ ਜਯੋਤਸਨਾ ਸਿੰਘ ਅਤੇ ਡੀ ਐੱਸ ਪੀ ਮੁਕੇਰੀਆਂ ਕੁਲਵੰਤ ਸਿੰਘ ਦੀ ਮੌਜੂਦਗੀ...
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਅੱਜ ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ ਦੀ ਜਾਂਚ ਟੀਮ ਨੇ ਹਾਜੀਪੁਰ ਦੇ ਖਣਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਐੱਸ ਡੀ ਐੱਮ ਮੁਕੇਰੀਆਂ ਜਯੋਤਸਨਾ ਸਿੰਘ ਅਤੇ ਡੀ ਐੱਸ ਪੀ ਮੁਕੇਰੀਆਂ ਕੁਲਵੰਤ ਸਿੰਘ ਦੀ ਮੌਜੂਦਗੀ ’ਚ ਸਕੱਤਰ, ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ, ਹੁਸ਼ਿਆਰਪੁਰ ਦੀ ਟੀਮ ਨੇ ਬਲਾਕ ਹਾਜੀਪੁਰ ਦੇ ਪਿੰਡ ਸੰਧਵਾਲ, ਕੁੱਲੀਆਂ ਲੁਬਾਣਾ ਆਦਿ ਦਾ ਦੌਰਾ ਕੀਤਾ। ਜਾਂਚ ਟੀਮ ਨੇ ਨਿਰਮਾਣ ਅਧੀਨ ਤਲਵਾੜਾ ਮੁਕੇਰੀਆਂ ਰੇਲ ਲਾਈਨ ਦੇ ਦੋਵੇਂ ਪਾਸੇ ਚੱਲਦੇ ਬਾਬਾ ਫ਼ਰੀਦ ਅਤੇ ਜੈ ਸ਼ੰਕਰ ਸਟੋਨ ਕਰੱਸ਼ਰਾਂ ਦਾ ਦੌਰਾ ਕੀਤਾ ਅਤੇ ਵਾਹੀਯੋਗ ਜ਼ਮੀਨ ’ਚ ਕੀਤੀ ਖ਼ੁਦਾਈ ਦਾ ਜਾਇਜ਼ਾ ਲਿਆ।
ਜ਼ਿਕਰਯੋਗ ਹੈ ਕਿ ਤਲਵਾੜਾ ਅਤੇ ਹਾਜੀਪੁਰ ’ਚ ਨਾਜਾਇਜ਼ ਖ਼ੁਦਾਈ ਵੱਡੇ ਪੱਧਰ ’ਤੇ ਚੱਲ ਰਹੀ ਹੈ। ਰਾਹੁਲ ਮਨਚੰਦਾ ਵੱਲੋਂ ਖੇਤਰ ਦੀ ਨਾਜਾਇਜ਼ ਖ਼ੁਦਾਈ ਖ਼ਿਲਾਫ਼ ਹਾਈ ਕੋਰਟ ’ਚ ਰਿੱਟ ਪਾਈ ਗਈ ਸੀ। ਇਸ ’ਤੇ ਡਬਲ ਬੈੈਂਚ ਨੇ ਨੋਟਿਸ ਲੈਂਦਿਆਂ ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ ਹੁਸ਼ਿਆਰਪੁਰ ਨੂੰ ਹਫ਼ਤੇ ਅੰਦਰ ਪ੍ਰਭਾਵਿਤ ਖੇਤਰ ਦਾ ਨਿੱਜੀ ਤੌਰ ’ਤੇ ਦੌਰਾ ਕਰ ਕੇ ਰਿਪੋਰਟ ਬੰਦ ਲਿਫਾਫੇ ’ਚ ਅਦਾਲਤ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤਹਿਤ ਅੱਜ ਉੱਚ ਤਾਕਤੀ ਟੀਮ ਨੇ ਹਾਜੀਪੁਰ ਦਾ ਦੌਰਾ ਕੀਤਾ। ਇਸ ਮੌਕੇ ਪੁਲੀਸ ਨੇ ਮੀਡੀਆ ਨੂੰ ਟੀਮ ਦੇ ਦੌਰੇ ਤੋਂ ਦੂਰ ਰੱਖਿਆ। ਹਾਲਾਂਕਿ ਹਾਜੀਪੁਰ ਅਤੇ ਤਲਵਾੜਾ ’ਚ ਗ਼ੈਰ-ਕਾਨੂੰਨੀ ਖਣਨ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਥਾਨਕ ਲੋਕ ਖਣਨ ਤੋਂ ਪ੍ਰੇਸ਼ਾਨ ਹਨ। ਹਾਜੀਪੁਰ ਖੇਤਰ ’ਚ ਵਾਹੀਯੋਗ ਜ਼ਮੀਨ ਅਤੇ ਪੰਚਾਇਤੀ ਭੂਮੀ ਖਣਨ ਮਾਫ਼ੀਆ ਦੇ ਨਿਸ਼ਾਨੇ ’ਤੇ ਹੈ। ਸਥਾਨਕ ਲੋਕਾਂ ਨੇ ਪੁਲੀਸ ਅਤੇ ਖਣਨ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉਠਾਏ ਹਨ।
ਇਸ ਮੌਕੇ ਜਾਂਚ ਟੀਮ ਨਾਲ ਸਥਾਨਕ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਤੋਂ ਇਲਾਵਾ ਜੰਗਲਾਤ ਵਿਭਾਗ, ਖਣਨ ਤੇ ਡਰੇਨੇਜ਼, ਨਹਿਰੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਜਾਂਚ ਟੀਮ ਦੀ ਭਿਣਕ ਪੈਣ ਕਾਰਨ ਅੱਜ ਸੜਕਾਂ ’ਤੇ ਟਿੱਪਰਾਂ ਦੀ ਆਵਾਜਾਈ ਨਾਮਾਤਰ ਰਹੀ ਅਤੇ ਸਟੋਨ ਕਰੱਸ਼ਰ ਵੀ ਬੰਦ ਰਹੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਟੀਮ ਸੋਮਵਾਰ ਨੂੰ ਤਲਵਾੜਾ ਖੇਤਰ ਦਾ ਦੌਰਾ ਕਰੇਗੀ।

