ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ Unique Home ਦਾ ਦੌਰਾ
ਬੱਚਿਆਂ ਦੀ ਭਲਾਈ ਤੇ ਗੋਦ ਲੈਣ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ; ਬੱਚਿਆਂ ਨਾਲ ਗੱਲਬਾਤ ਕੀਤੀ
ਬੱਚਿਆਂ ਦੀ ਭਲਾਈ ਅਤੇ ਕਾਨੂੰਨੀ ਸਰਪ੍ਰਸਤੀ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਇੱਕ ਅਹਿਮ ਕਦਮ ਚੁੱਕਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ ਐੱਲ ਐੱਸ ਏ), ਜਲੰਧਰ ਸ੍ਰੀਮਤੀ ਪ੍ਰਿਆ ਸੂਦ ਵੱਲੋਂ ਅੱਜ ‘ਯੂਨੀਕ ਹੋਮ’ ਜਲੰਧਰ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਨਾਲ ਸੀ ਜੇ ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਰਾਹੁਲ ਕੁਮਾਰ ਵੀ ਮੌਜੂਦ ਸਨ। ਇਸ ਦੌਰੇ ਦਾ ਮੁੱਖ ਉਦੇਸ਼ ਸੰਸਥਾ ਵਿੱਚ ਰਹਿ ਰਹੇ ਬੱਚਿਆਂ ਦੇ ਰਹਿਣ-ਸਹਿਣ, ਵਿਦਿਅਕ ਸਹੂਲਤਾਂ ਅਤੇ ਉਨ੍ਹਾਂ ਦੀ ਮਾਨਸਿਕ ਤੇ ਭਾਵਨਾਤਮਕ ਸਿਹਤ ਦਾ ਮੁਲਾਂਕਣ ਕਰਨਾ ਸੀ। ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਸੰਸਥਾ ਵਿੱਚ ਰਹਿ ਰਹੇ 55 ਬੱਚਿਆਂ ਨਾਲ ਸਮਾਂ ਬਿਤਾਇਆ। ਇਸ ਦੌਰੇ ਦੌਰਾਨ ਸ੍ਰੀਮਤੀ ਪ੍ਰਿਆ ਸੂਦ ਅਤੇ ਰਾਹੁਲ ਕੁਮਾਰ ਨੇ ਨਿੱਜੀ ਤੌਰ ’ਤੇ 9 ਲੰਬਿਤ ਗੋਦ ਲੈਣ (ਅਡਾਪਸ਼ਨ) ਦੇ ਕੇਸਾਂ ਦੀ ਸਮੀਖਿਆ ਕੀਤੀ।
ਟੀਮ ਵੱਲੋਂ ਸੰਸਥਾ ਦੀ ਰਸੋਈ, ਰਿਹਾਇਸ਼ੀ ਕਮਰਿਆਂ ਅਤੇ ਮਨੋਰੰਜਨ ਖੇਤਰਾਂ ਦਾ ਵੀ ਨਿਰੀਖਣ ਕੀਤਾ ਗਿਆ। ਇਹ ਬੱਚੇ ਚਾਈਲਡ ਵੈਲਫੇਅਰ ਕਮੇਟੀ (ਸੀ ਡਬਲਿਊਸੀ) ਵੱਲੋਂ ਜਾਰੀ ਹੁਕਮਾਂ ਅਨੁਸਾਰ ਇਸ ਹੋਮ ਵਿੱਚ ਰਹਿ ਰਹੇ ਹਨ। ਯੂਨੀਕ ਹੋਮ ਦੇ ਪ੍ਰਬੰਧਕਾਂ ਨੂੰ ਸੰਬੋਧਨ ਕਰਦਿਆਂ ਪ੍ਰਿਆ ਸੂਦ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਿਆਂਪਾਲਿਕਾ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸੰਸਥਾਗਤ ਦੇਖ਼ਭਾਲ ਵਿੱਚ ਰਹਿਣ ਵਾਲੇ ਹਰ ਬੱਚੇ ਨੂੰ ਪਰਿਵਾਰ ਵਰਗਾ ਮਾਹੌਲ ਮਿਲੇ। ਉਨ੍ਹਾਂ ਸੰਸਥਾ ਦੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੰਸਥਾ ਦੀ ਮੁਖੀ ਪਦਮਸ੍ਰੀ ਬੀਬੀ ਪ੍ਰਕਾਸ਼ ਕੌਰ ਵੀ ਮੌਜੂਦ ਸਨ। ਰਾਹੁਲ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਜਿਹੀਆਂ ਸੰਸਥਾਵਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਵਿੱਚ ਸਰਗਰਮ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਬੱਚਾ ਪ੍ਰਕਿਰਿਆ ਦੀ ਦੇਰੀ ਕਾਰਨ ਲੋੜ ਤੋਂ ਵੱਧ ਸਮਾਂ ਸੰਸਥਾਗਤ ਦੇਖ਼ਭਾਲ ਵਿੱਚ ਨਾ ਰਹੇ।
ਮਗਰੋਂ ਉਨ੍ਹਾਂ ਸਟਾਫ਼ ਅਤੇ ਦੇਖ਼ਭਾਲ ਕਰਨ ਵਾਲਿਆਂ ਨਾਲ ਮੀਟਿੰਗ ਕੀਤੀ ਤਾਂ ਜੋ ਨਿਵਾਸੀਆਂ ਦੀ ਕਾਨੂੰਨੀ ਸਥਿਤੀ ਬਾਰੇ ਪ੍ਰਬੰਧਕੀ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ। ਇਸ ਮੌਕੇ ਸੀਨੀਅਰ ਸਹਾਇਕ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਜਗਨ ਨਾਥ ਵੀ ਮੌਜੂਦ ਸਨ।

