ਜਸਬੀਰ ਸਿੰਘ ਚਾਨਾ
ਫਗਵਾੜਾ, 9 ਅਗਸਤ
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਸ਼ੂਗਰ ਮਿੱਲ ਵੱਲ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਸ਼ੂਗਰ ਮਿੱਲ ਚੌਕ ਵਿੱਚ ਸ਼ੁਰੂ ਕੀਤਾ ਧਰਨਾ ਅੱਜ ਦੂਸਰੇ ਵੀ ਜਾਰੀ ਰਿਹਾ। ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਇੰਡੀਅਨ ਫਾਰਮਰ ਐਸੋਸੀਏਸ਼ਨ ਤੋਂ ਸਤਨਾਮ ਸਿੰਘ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਹਰਿੰਦਰ ਸਿੰਘ, ਮੀਤ ਪ੍ਰਧਾਨ ਅਵਤਾਰ ਸਿੰਘ, ਕ੍ਰਿਪਾਲ ਸਿੰਘ ਮੂਸਾਪੁਰ, ਕੁਲਵਿੰਦਰ ਸਿੰਘ ਕਾਲਾ ਸਰਪੰਚ ਤੇ ਗੁਰਪਾਲ ਸਿੰਘ ਪਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ ਕਿਉਂਕਿ ਸ਼ੂਗਰ ਮਿੱਲ ਦੀ ਭੂੰਨਾ ਹਰਿਆਣਾ ’ਚ ਜੋ ਮਿੱਲ ਪਈ ਹੈ ਉਸ ਨੂੰ ਵੇਚਣ ਦਾ ਸੌਦਾ ਮਿੱਲ ਮਾਲਕਾਂ ਨੇ ਕਰ ਲਿਆ ਸੀ ਤਾਂ ਜੋ ਕਿਸਾਨਾਂ ਦੀ ਅਦਾਇਗੀ ਹੋ ਸਕੇ ਪਰ ਸਰਕਾਰ ਨੇ ਇਸ ’ਚ ਅੜਿੱਕਾ ਪਾ ਕੇ ਕੰਮ ਸਿਰੇ ਚੜ੍ਹਨ ਤੋਂ ਰੋਕ ਦਿੱਤਾ ਹੈ। ਇਸ ਦੀ ਰਜਿਸਟਰੀ ਨਾ ਹੋਣ ਕਾਰਨ ਕਿਸਾਨ ਤੇ ਮਿੱਲ ਮਾਲਕ ਦੁਚਿੱਤੀ ’ਚ ਫ਼ਸ ਗਏ ਹਨ। ਉਨ੍ਹਾਂ ਕਿਹਾ ਕਿ ਕਰੀਬ 20 ਕਰੋੜ ਰੁਪਏ ਦੀ ਇਸ ਰਾਸ਼ੀ ਨਾਲ ਕਿਸਾਨਾਂ ਦੇ ਕਈ ਮਸਲੇ ਹੋਣੇ ਸਨ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਸਾਨਾਂ ਨਾਲ ਐੱਸ.ਡੀ.ਐੱਮ. ਦਫ਼ਤਰ ਵਿੱਚ ਮੁਲਾਕਾਤ ਕੀਤੀ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਪੂਰੀ ਗੰਭੀਰ ਹੈ ਅਤੇ ਏ.ਡੀ.ਸੀ ਦੀ ਅਗਵਾਈ ਹੇਠ ਮਸਲੇ ਦੇ ਹੱਲ ਲਈ ਕਮੇਟੀ ਬਣਾਈ ਹੋਈ ਹੈ। ਉਨ੍ਹਾਂ ਕਿਸਾਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਧਰਨੇ ਨੂੰ ਸੰਖੇਪ ਰੱਖਣ ਦੀ ਅਪੀਲ ਕੀਤੀ।
ਇਸ ਮੌਕੇ ਮੇਜਰ ਸਿੰਘ ਅਠੋਲੀ, ਮਨਜੀਤ ਸਿੰਘ ਲੱਲੀਆ, ਸੁਰਜੀਤ ਸਿੰਘ ਨੰਗਲ, ਜੀਤੀ ਖੇੜਾ, ਹਰਵਿੰਦਰ ਸਿੰਘ ਮਾਨਾਵਾਲੀ, ਜਰਨੈਲ ਸਿੰਘ ਬਿੱਟਾ, ਬਲਬੀਰ ਸਿੰਘ ਤੇ ਹਰਮੇਲ ਸਿੰਘ ਜੱਸੋਮਜਾਰਾ ਸਮੇਤ ਵੱਡੀ ਗਿਣਤੀ ’ਚ ਕਿਸਾਨ ਸ਼ਾਮਿਲ ਸਨ।
31 ਜਥੇਬੰਦੀਆਂ ਦੀ ਮੀਟਿੰਗ 12 ਨੂੰ
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੇ ਧਰਨੇ ਦੇ ਬਾਵਜੂਦ ਕੋਈ ਪਹਿਲਕਦਮੀ ਨਹੀਂ ਕੀਤੀ ਜਦਕਿ ਪੰਜਾਬ ਦੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਕਿਸਾਨ ਪੱਖੀ ਹੋਣ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ। ਉਨ੍ਹਾਂ ਦੱਸਿਆ ਕਿ 12 ਅਗਸਤ ਨੂੰ ਫਗਵਾੜਾ ਵਿੱਚ 31 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਰੱਖੀ ਗਈ ਹੈ। ਇਸ ਮਗਰੋਂ ਅਗਲੀ ਰੂਪ-ਰੇਖਾ ਉਲੀਕ ਕੇ ਅਗਲਾ ਸੰਘਰਸ਼ ਕੀਤਾ ਜਾਵੇਗਾ।