ਧਾਲੀਵਾਲ ਨੇ ਵਿਦੇਸ਼ ਵਸਦੇ ਪੰਜਾਬੀਆਂ ਦੀਆਂ ਸ਼ਿਕਾਇਤਾਂ ਸੁਣੀਆਂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਮਈ
ਪਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਪੰਜਾਬ ਨਾਲ ਜੁੜੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ੁਰੂ ਕੀਤੀ ਗਈ ਆਨਲਾਈਨ ਮਿਲਣੀ ਵਿੱਚ ਹੁਣ ਤੱਕ 600 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਅੱਜ ਇਸੇ ਲੜੀ ਵਿੱਚ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਛੇਵੀਂ ਆਨਲਾਈਨ ਐਨਆਰਆਈ ਮਿਲਣੀ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਡੀਆਈਜੀ ਪਰਵਾਸੀ ਮਾਮਲੇ ਰਾਜਪਾਲ ਸਿੰਘ ਸੰਧੂ., ਆਈ.ਜੀ ਜਗਜੀਤ ਸਿੰਘ ਵਾਲੀਆ, ਜ਼ਿਲਾ ਮਾਲ ਅਫਸਰ ਨਵਕੀਰਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਅੱਜ ਦੁਨੀਆਂ ਭਰ ਵਿੱਚੋਂ 123 ਪਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਵੱਖ ਵੱਖ ਮਾਧਿਆਮ ਜ਼ਰੀਏ ਮਿਲੀਆਂ ਹਨ। ਉਹਨਾਂ ਕਿਹਾ ਕਿ ਅਸੀਂ ਹਰ ਮਹੀਨੇ ਇਹ ਮਿਲਣੀ ਕਰਦੇ ਹਾਂ। ਜੂਨ ਮਹੀਨੇ ਦੀ ਮਿਲਣੀ ਤੋਂ ਪਹਿਲਾਂ ਪਹਿਲਾਂ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦਾ ਹੱਲ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਨ੍ਹਾਂ ਛੇ ਮਹੀਨਿਆਂ ਵਿੱਚ ਸਾਡੇ ਕੋਲ 658 ਕੇਸ ਵੱਖ-ਵੱਖ ਦੇਸ਼ਾਂ ਤੋਂ ਆਏ ਸਨ, ਜਿਨ੍ਹਾਂ ਵਿੱਚੋਂ ਕੇਵਲ 51 ਕੇਸ ਅਦਾਲਤੀ ਮਾਮਲਿਆਂ ਕਾਰਨ ਬਕਾਇਆ ਰਹਿ ਗਏ ਹਨ, ਬਾਕੀ ਸਾਰੇ ਮਸਲਿਆਂ ਦਾ ਹੱਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਜੋ ਵੀ ਮਸਲਾ ਹੋਵੇ, ਉਹ ਹਰ ਮਹੀਨੇ ਦੀ ਪਰਵਾਸੀ ਭਾਰਤੀ ਮਿਲਣੀ ਵਿੱਚ ਦਸ ਸਕਦੇ ਹਨ।
ਇਕ ਪਰਵਾਸੀ ਦੀ ਸ਼ਿਕਾਇਤ ਸੁਣਦੇ ਹੋਏ ਮੰਤਰੀ ਕੁਲਦੀਪ ਸਿੰਘ ਧਾਲੀਵਾਲ।