ਮੀਂਹ ਦੇ ਬਾਵਜੂਦ ਕਿਸਾਨਾਂ ਦਾ ਜੋਸ਼ ਨਾ ਪਿਆ ਮੱਠਾ

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਆਰ-ਪਾਰ ਦੀ ਲੜਾਈ ਦਾ ਫ਼ੈਸਲਾ; ਵੱਡੀ ਗਿਣਤੀ ’ਚ ਕਿਸਾਨ ਟਰੈਕਟਰਾਂ-ਟਰਾਲੀਆਂ ਰਾਹੀਂ ਰਵਾਨਾ

ਮੀਂਹ ਦੇ ਬਾਵਜੂਦ ਕਿਸਾਨਾਂ ਦਾ ਜੋਸ਼ ਨਾ ਪਿਆ ਮੱਠਾ

ਫਗਵਾੜਾ ਵਿੱਚ ਬੁੱਧਵਾਰ ਨੂੰ ਦਿੱਲੀ ਜਾਣ ਲਈ ਆਪਣੇ ਟਰੈਕਟਰ ਟਰਾਲੀਆਂ ’ਤੇ ਤਿਆਰ-ਬਰ-ਤਿਆਰ ਵਿਖਾਈ ਦੇ ਰਹੇ ਕਿਸਾਨ। -ਫੋਟੋ: ਮਲਕੀਅਤ ਸਿੰਘ

ਸਿਮਰਤ ਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 25 ਨਵੰਬਰ

ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਲਈ ‘ਦਿੱਲੀ ਚੱਲੋ’ ਦੇ ਸੱਦੇ ਤਹਿਤ ਨਿਜਰਪੁਰਾ ਟੌਲ ਪਲਾਜ਼ਾ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਕਾਫ਼ਲਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਆਗੂ ਪਰਮਜੀਤ ਸਿੰਘ ਬਾਗਾ ਅਤੇ ਅੰਗਰੇਜ਼ ਸਿੰਘ ਚਾਟੀਵਿੰਡ ਦੀ ਅਗਵਾਈ ਹੇਠ ਦਿੱਲੀ ਵੱਲ ਰਵਾਨਾ ਹੋਇਆ। 

ਗੁਰਦਾਸਪੁਰ (ਜਤਿੰਦਰ ਬੈਂਸ): ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਘਿਰਾਓ ਦੇ ਉਲੀਕੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਦੇ ਕਾਫ਼ਲੇ ਟਰੈਕਟਰ ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਰਵਾਨਾ ਹੋਏ। ਕਿਸਾਨਾਂ ਨੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ’ਤੇ ਮੋਦੀ ਸਰਕਾਰ ਖਿਲਾਫ਼ ਲਾਇਆ ਰੋਸ ਧਰਨਾ ਵੀ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਵਿੱਚ ਚੱਲ ਰਹੇ ਕਿਸਾਨ ਮੋਰਚੇ ਤੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ ਕੀਤਾ ਗਿਆ। ਇਸੇ ਤਰ੍ਹਾਂ ਤਿੱਬੜ ਤੋਂ ਟਰੈਕਟਰਾਂ ਤੇ ਟਰਾਲੀਆਂ ਮੱਖਣ ਸਿੰਘ ਕੁਹਾੜ, ਗੁਰਨਾਮ ਸਿੰਘ, ਜਗੀਰ ਸਿੰਘ ਤੇ ਅਮਰੀਕ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਈਆਂ। ਇਸੇ ਤਰ੍ਹਾਂ ਦੋਰਾਂਗਲਾ ਤੋਂ ਕਾਫ਼ਲਾ ਸਤਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ ਅਤੇ ਕਲਾਨੌਰ ਤੋਂ ਜਗਜੀਤ ਸਿੰਘ ਤੇ ਹਰਜੀਤ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ।

ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਖੇਤੀ ਵਿਰੋਧੀ ਕਾਨੂੰ ਰੱਦ ਕਰਵਾਉਣ ਲਈ  ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਦੀ ਅਗਵਾਈ ਵਿੱਚ ਦਾਣਾ  ਮੰਡੀ ਕਰਤਾਰਪੁਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ ਹੋਇਆ। ਦੋਆਬਾ ਕਿਸਾਨ ਸੰਘਰਸ਼  ਕਮੇਟੀ ਦੇ ਪ੍ਰਧਾਨ ਹਰਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਕਿਸ਼ਨਗੜ੍ਹ ਤੋਂ ਕਿਸਾਨਾਂ ਦਾ ਜਥਾ  ਦਿੱਲੀ ਰਵਾਨਾ ਹੋਇਆ। 

ਫਤਿਹਗੜ੍ਹ ਚੂੜੀਆਂ (ਹਰਪਾਲ ਨਾਗਰਾ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਹੇਠ ਫਤਿਹਗੜ੍ਹ ਚੂੜੀਆਂ ਤੋਂ ਟਰੈਕਟਰ  ਟਰਾਲੀਆਂ ‘ਤੇ ਕਿਸਾਨਾਂ ਦਾ ਕਾਫ਼ਲਾ ਰਵਾਨਾ ਹੋਇਆ। 

ਨਵਾਂ ਸ਼ਹਿਰ (ਲਾਜਵੰਤ ਸਿੰਘ): ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਇੱਕ ਵੱਡਾ ਕਾਫ਼ਲਾ ਦਿੱਲੀ ਘੇਰਨ ਲਈ ਨਵਾਂ ਸ਼ਹਿਰ ਬਾਈਪਾਸ ਤੋਂ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਹੋਇਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਧਾਨ ਸੁਰਿੰਦਰ ਸਿੰਘ ਬੈਂਸ ਅਤੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਨੇ ਆਖਿਆ ਕਿ ਮੋਦੀ ਸਰਕਾਰ ਨੇ ਉਹ ਪੁਰਾਣੇ ਵੇਲੇ ਯਾਦ ਕਰਵਾ ਦਿੱਤੇ ਹਨ ਜਦੋਂ ਮੁਗਲਾਂ ਨਾਲ ਮੱਥਾ ਲਾਉਣ ਲਈ ਖਾਲਸੇ ਨੇ ਮੋਰਚੇ ਲਾਏ ਸਨ। 

ਭੁਲੱਥ (ਦਲੇਰ ਸਿੰਘ ਚੀਮਾ): ਭੁਲੱਥ ਕਸਬੇ ਵਿੱਚੋਂ ਭਾਕਿਯੂ ਕਾਦੀਆਂ ਦੀ ਅਗਵਾਈ ਹੇਠ ਕਿਸਾਨਾਂ ਦੇ ਵੱਡੇ ਜੱਥੇ ਵੱਲੋਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਮਾਨਾਂ ਤਲਵੰਡੀ ਦੀ ਅਗਵਾਈ ਹੇਠ ਰਵਾਨਾ ਹੋਇਆ।  

ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਖੇਤੀ ਕਾਨੂੰਨ ਰੱਦ ਕਰਵਾਉਣ ਲਈ ਇੱਥੇ ਗੜ੍ਹਸ਼ੰਕਰ ਚੰਡੀਗੜ੍ਹ ਮੁੱਖ ਮਾਰਗ ਤੇ ਕਸਬਾ ਸਮੁੰਦੜਾ ਵਿੱਚ ਕਿਰਤੀ ਕਿਸਾਨ ਯੂਨੀਅਨ ਆਗੂਆਂ ਨੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀਆਂ ਟਰਾਲੀਆਂ  ਦਿੱਲੀ ਘਿਰਾਓ ਲਈ ਰਵਾਨਾ ਕੀਤੀਆਂ ਗਈਆਂ। ਕਿਰਤੀ ਕਿਸਾਨ ਯੂਨੀਅਨ ਆਗੂਆਂ ਕੁਲਵਿੰਦਰ ਚਾਹਲ ਅਤੇ ਹਰਮੇਸ਼ ਢੇਸੀ ਨੇ ਕਿਹਾ ਕਿ ਜਿੰਨਾ ਚਿਰ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਉੱਨਾ ਚਿਰ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਤਰਨ ਤਾਰਨ (ਗੁਰਬਖਸ਼ਪੁਰੀ): ਜ਼ਿਲ੍ਹੇ ਦੇ ਕਈ ਪਿੰਡਾਂ ਤੋਂ ਕਿਸਾਨਾਂ ਦੇ ਜਥੇ ਦਿੱਲੀ  ਲਈ ਰਵਾਨਾ ਹੋਏ| ਸਰਹੱਦੀ ਪਿੰਡ ਚੀਮਾ ਕਲਾਂ ਦੇ ਕਿਸਾਨਾਂ ਨੂੰ ਪਿੰਡ ਦੀਆਂ ਸੰਗਤਾਂ ਨੇ ਗੁਰਦੁਆਰਾ ਬਾਬਾ ਸਾਹਿਬ ਸਿੰਘ ਵਿਖੇ ਅਰਦਾਸ ਕਰ ਕੇ ਦਿੱਲੀ ਲਈ ਰਵਾਨਾ ਕੀਤਾ ਅਤੇ  ਕਿਸਾਨ ਸੰਘਰਸ਼ ਲਈ 21000 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ। ਜਮਹੂਰੀ ਕਿਸਾਨ ਕਿਸਾਨ ਸਭਾ ਦਾ ਇਕ ਕਾਫਲਾ ਟਰੈਕਟਰ-ਟਰਾਲੀਆਂ ’ਤੇ ਤਰਨ ਤਾਰਨ ਤੋਂ ਰਵਾਨਾ ਹੋਇਆ। ਕਿਸਾਨ ਸੰਘਰਸ਼ ਕਮੇਟੀ   ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਦੀ ਅਗਵਾਈ ਵਿੱਚ ਕਿਸਾਨਾਂ ਦਾ ਜਥਾ ਹਰੀਕੇ ਤੋਂ ਦਿੱਲੀ   ਲਈ ਰਵਾਨਾ ਹੋਇਆ| 

ਮਾਨਸਰ (ਮਨਪ੍ਰੀਤ ਸਿੰਘ): ਅੱਜ ਮਾਨਸਰ ਟੌਲ ਪਲਾਜ਼ਾ ਤੋਂ ਵੱਡੀ ਗਿਣਤੀ ‘ਚ ਕਿਸਾਨ ਰਵਾਨਾ ਹੋਏ। ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ਦੀ ਪੰਜਾਬ ਦੇ ਕਿਸਾਨਾਂ ਨੂੰ ਸਰਹੱਦਾਂ ’ਤੇ ਰੋਕਣ ਦੀ ਨਿਖੇਧੀ ਕੀਤੀ। 

ਕਾਦੀਆਂ (ਮਕਬੂਲ ਅਹਿਮਦ): ਦਿੱਲੀ ’ਚ ਕਿਸਾਨਾਂ ਦੇ ਹੋਣ ਵਾਲੇ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ ਕਿਸਾਨ ਕਾਦੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਟਰੈਕਟਰ ਟਰਾਲੀਆਂ ’ਚ ਦਿੱਲੀ ਵੱਲ ਰਵਾਨਾ ਹੋ ਗਏ ਹਨ। ਕਈ ਟਰੈਕਟਰਾਂ ’ਚ ਸਬਜ਼ੀਆਂ ਅਤੇ ਹੋਰ ਵਸਤਾਂ ਵੀ ਲਿਜਾਈਆਂ ਗਈਆਂ। 

ਜਲੰਧਰ (ਪਾਲ ਸਿੰਘ ਨੌਲੀ): ਦੋਆਬੇ ਵਿੱਚੋਂ ਦੌਰਾਨ 400 ਤੋਂ ਟਰਾਲੀਆਂ ਤੇ 200 ਤੋਂ ਵੱਧ ਗੱਡੀਆਂ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ। ਦਿੱਲੀ ਜਾਣ ਵਾਲਾ ਕਿਸਾਨਾਂ ਦਾ ਇਹ ਕਾਫ਼ਲਾ 7 ਤੋਂ 8 ਕਿਲੋਮੀਟਰ ਲੰਮਾ ਸੀ। ਹਾਲਾਂਕਿ ਜਦੋਂ ਕਿਸਾਨਾਂ ਨੇ ਦਿੱਲੀ ਜਾਣ ਵੱਲ ਚਾਲੇ ਪਾਏ ਤਾਂ ਉਦੋਂ ਕਿਣਮਿਣ ਸ਼ੁਰੂ ਹੋ ਗਈ ਸੀ। ਭਾਰਤੀ ਕਿਸਾਨ ਯੂਨੀਅਨ ਦੋਆਬਾ, ਜਮਹੂਰੀ ਕਿਸਾਨ ਸਭਾ ਪੰਜਾਬ  ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂ ਵੱਡੇ ਕਾਫ਼ਲੇ ਲੈ ਕੇ ਦਿੱਲੀ ਵੱਲ ਕੂਚ ਕੀਤਾ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਰਾਤ ਦਾ ਪੜਾਅ ਫ਼ਤਹਿਗੜ੍ਹ ਸਾਹਿਬ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਮਹੂਰੀ ਕਿਸਾਨ ਸਭਾ ਦਾ ਕਾਫ਼ਲਾ ਫਿਲੌਰ ਤੋਂ ਉਨ੍ਹਾਂ ਦੇ ਨਾਲ ਰਲ ਗਿਆ ਸੀ। 

ਕਿਸਾਨਾਂ ਨੂੰ ਰਾਸ਼ਨ ਦੇ ਕੇ ਕੀਤਾ ਦਿੱਲੀ ਲਈ ਰਵਾਨਾ

ਅੰਮ੍ਰਿਤਸਰ (ਮਨਮੋਹਨ ਸਿੰਘ): ਫੋਕਲੋਰ ਰਿਸਰਚ ਅਕੈਡਮੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਦਿੱਲੀ ਧਰਨੇ ’ਤੇ ਜਾ ਰਹੇ ਕਿਸਾਨਾਂ ਨੂੰ ਰਾਸ਼ਨ ਦੇ ਕੇ ਰਵਾਨਾ ਕੀਤਾ। ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਲੇਖਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ਼ ਸਿੰਘ ਛੀਨਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਸੰਸਥਾਵਾਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਮਾਸਟਰ ਦਾਤਾਰ ਸਿੰਘ, ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਲਖਬੀਰ ਸਿੰਘ ਨਿਜਾਮਪੁਰਾ ਦੀ ਅਗਵਾਈ ਹੇਠ ਦਿੱਲੀ ਜਾ ਰਹੇ ਕਿਸਾਨਾਂ ਨੂੰ 475 ਕਿਲੋ ਖੰਡ, 80 ਕਿਲੋ ਚਾਹ ਪੱਤੀ, 265 ਕਿਲੋ ਦਾਲ, 2 ਤੋੜੇ ਪਿਆਜ਼ ਦਿੱਤੇ ਗਏ। ਇਸ ਮੌਕੇ ਕਾਮਰੇਡ ਅਮਰਜੀਤ ਸਿੰਘ ਆਸਲ, ਇਸਤਰੀ ਸਭਾ ਦੇ ਆਗੂ ਬੀਬੀ ਦਸਵਿੰਦਰ ਕੌਰ, ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਸੈਦੋਲੇਹਲ ਤੇ ਫੋਕਲੋਰ ਵੱਲੋਂ ਮੈਡਮ ਕਮਲ ਗਿੱਲ, ਕਰਮਜੀਤ ਕੌਰ ਜੱਸਲ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All