ਜਮਹੂਰੀ ਜਥੇਬੰਦੀਆਂ ਵੱਲੋਂ ਕੇਂਦਰ ਖ਼ਿਲਾਫ਼ ਵਿਖਾਵੇ
ਫ਼ਾਸ਼ੀਵਾਦੀ ਨੀਤੀਆਂ ਲਾਗੂ ਕਰਨ ਦਾ ਦੋਸ਼ ਲਾਇਆ; ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਤੇ ਸਮਾਜਿਕ ਕਾਰਕੁਨਾਂ ਨੂੰ ਰਿਹਾਅ ਕਰਨ ਦੀ ਮੰਗ
‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵਿੱਚ ਸ਼ਾਮਲ ਅਹਿਮ ਖੱਬੇਪੱਖੀ ਪਾਰਟੀਆਂ ਵੱਲੋਂ ਅੱਜ ਆਰ ਐੱਸ ਐੱਸ ਭਾਜਪਾ ਦੀਆਂ ਕਥਿਤ ਫਿਰਕੂ-ਫਾਸ਼ੀਵਾਦੀ ਨੀਤੀਆਂ, ਘੱਟ ਗਿਣਤੀਆਂ ’ਤੇ ਹਮਲਿਆਂ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕਾਂ ਦੀ ਰੋਜ਼ੀ-ਰੋਟੀ ’ਤੇ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਪੰਜਾਬ ਦੇ ਸਾਰੇ ਜ਼ਿਲ੍ਹਾ ਕੇਂਦਰਾਂ ’ਤੇ ਰੈਲੀਆਂ ਅਤੇ ਮੁਜ਼ਾਹਰੇ ਕੀਤੇ ਗਏ। ਰੈਲੀਆਂ ਦੌਰਾਨ ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਦੇ ਨਿਆਂਪੂਰਨ ਹੱਲ ਲਈ ਆਵਾਜ਼ ਬੁਲੰਦ ਕੀਤੀ ਗਈ। ਫਰੰਟ ਨੇ ਮੰਗ ਕੀਤੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਸਮੇਤ ਜੇਲ੍ਹਾਂ ਵਿੱਚ ਬੰਦ ਸਾਰੇ ਸਿਆਸੀ ਆਗੂਆਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਮੁਜ਼ਾਹਰਾਕਾਰੀਆਂ ਦੇ ਹੱਥਾਂ ਵਿੱਚ ਲਾਲ ਝੰਡੇ ਅਤੇ ਤਖ਼ਤੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ਸਿਆਸੀ ਹਿੱਤਾਂ ਲਈ ਨਿਆਂਪਾਲਿਕਾ, ਚੋਣ ਕਮਿਸ਼ਨ, ਈ ਡੀ ਅਤੇ ਸੀ ਬੀ ਆਈ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਨ੍ਹਾਂ ਇਕੱਠਾਂ ਨੂੰ ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਗੁਰਮੀਤ ਸਿੰਘ ਬਖ਼ਤਪੁਰ, ਨਿਊ ਡੈਮੋਕਰੇਸੀ ਦੇ ਦਰਸ਼ਨ ਸਿੰਘ ਖਟਕੜ ਅਤੇ ਐੱਮ ਸੀ ਪੀ ਆਈ (ਯੂ.) ਦੇ ਕਿਰਨਜੀਤ ਸਿੰਘ ਸੇਖੋਂ ਨੇ ਸੰਬੋਧਨ ਕੀਤਾ। ਇਹ ਜਾਣਕਾਰੀ ਆਗੂਆਂ ਪਰਗਟ ਸਿੰਘ ਜਾਮਾਰਾਏ ਅਤੇ ਸੁਖਦਰਸ਼ਨ ਨੱਤ ਸਮੇਤ ਹੋਰਨਾਂ ਨੇ ਸਾਂਝੇ ਬਿਆਨ ਰਾਹੀਂ ਦਿੱਤੀ।
ਬੁਲਾਰਿਆਂ ਨੇ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਭਾਰਤ ਦੀ ਖੇਤੀ ਅਤੇ ਪ੍ਰਚੂਨ ਵਪਾਰ ਨੂੰ ਬਰਬਾਦ ਕਰ ਦੇਣਗੇ। ਇਸ ਮੌਕੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਰਤਨ ਸਿੰਘ ਰੰਧਾਵਾ, ਬੰਤ ਬਰਾੜ, ਪ੍ਰੇਮ ਸਿੰਘ ਭੰਗੂ ਅਤੇ ਰੁਲਦੂ ਸਿੰਘ ਮਾਨਸਾ ਸਮੇਤ ਕਈ ਸੀਨੀਅਰ ਆਗੂਆਂ ਨੇ ਵੱਖ-ਵੱਖ ਥਾਵਾਂ ’ਤੇ ਰੈਲੀਆਂ ਨੂੰ ਸੰਬੋਧਨ ਕੀਤਾ।
ਤਰਨ ਤਾਰਨ (ਗੁਰਬਖਸ਼ਪੁਰੀ): ਫਾਸੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਇਥੋਂ ਦੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਅੱਜ ਕਨਵੈਨਸ਼ਨ ਕਰਕੇ ਸ਼ਹਿਰ ਵਿੱਚ ਇੱਕ ਮਾਰਚ ਕੀਤਾ ਗਿਆ। ਦਲਜੀਤ ਸਿੰਘ ਦਿਆਲਪੁਰਾ ਤੇ ਸਾਥੀਆਂ ਦੀ ਪ੍ਰਧਾਨਗੀ ਹੇਠ ਹੋਈ ਕਨਵੈਨਸ਼ਨ ਦੌਰਾਨ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ, ਦਵਿੰਦਰ ਸੋਹਲ, ਨਛੱਤਰ ਸਿੰਘ ਪੰਨੂੰ, ਬਲਬੀਰ ਸਿੰਘ ਝਾਮਕਾ ਅਤੇ ਨਿਰਮਲ ਸਿੰਘ ਪੱਟੀ ਨੇ ਕੇਂਦਰ ਸਰਕਾਰ ਦੀਆਂ ਫਿਰਕੂ ਨੀਤੀਆਂ ਦੀ ਨਿਖੇਧੀ ਕਰਦਿਆਂ ਦੇਸ਼ ਅੰਦਰ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ’ਤੇ ਜੁਲਮ ਢਾਹੁਣ ਦਾ ਦੋਸ਼ ਲਾਇਆ।
ਨਵਾਂਸ਼ਹਿਰ (ਨਰਿੰਦਰ ਸਿੰਘ ਭੂੰਬਲਾ): ਫਾਸ਼ੀਵਾਦੀ ਹਮਲਿਆਂ ਵਿਰੋਧੀ ਫੋਰਮ ਵੱਲੋਂ ਇੱਥੇ ਫ਼ਾਸ਼ੀਵਾਦ ਦੇ ਵਿਰੋਧ ਵਿੱਚ ਰੈਲੀ ਅਤੇ ਮੁਜਾਹਰਾ ਕੀਤਾ ਗਿਆ। ਰੈਲੀ ਦੀ ਪ੍ਰਧਾਨਗੀ ਹਰਪਾਲ ਸਿੰਘ ਜਗਤਪੁਰ, ਕਮਲਜੀਤ ਸਨਾਵਾ ਅਤੇ ਦਸੌਂਦਾ ਸਿੰਘ ਰੁੜਕੀ ਨੇ ਕੀਤੀ।
ਰੈਲੀ ਨੂੰ ਸੀ ਪੀ ਆਈ (ਐੱਮ ਐੱਲ) ਦੇ ਆਗੂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ, ਆਰ ਐਮ ਪੀ ਆਈ ਦੇ ਆਗੂ ਕੁਲਦੀਪ ਸਿੰਘ ਦੌੜਕਾ, ਜਸਵੀਰ ਮੋਰੋਂ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਭੰਗਲ, ਨਿਰੰਜਣ ਦਾਸ ਮੇਹਲੀ ਅਤੇ ਪ੍ਰਭਾਕਰ ਤਿਵਾੜੀ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਜਮਹੂਰੀ ਹੱਕਾਂ ਲਈ ਥਾਂ ਘੱਟਦੀ ਜਾ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ।
ਲੋਕ ਮਾਰੂ ਨੀਤੀਆਂ ਖ਼ਿਲਾਫ਼ ਰੋਸ ਮਾਰਚ
ਪਠਾਨਕੋਟ (ਐੱਨ ਪੀ ਧਵਨ): ਕਾਮਰੇਡ ਅਮਰੀਕ ਸਿੰਘ ਅਤੇ ਬਲਵੰਤ ਸਿੰਘ ਘੋਹ ਦੀ ਅਗਵਾਈ ਹੇਠ ਇੱਥੇ ਰੋਸ ਮਾਰਚ ਕੱਢਿਆ ਗਿਆ। ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਅਦਾਲਤਾਂ, ਸੀ ਬੀ ਆਈ ਅਤੇ ਚੋਣ ਕਮਿਸ਼ਨ ਵਰਗੀਆਂ ਆਜ਼ਾਦ ਸੰਸਥਾਵਾਂ ਦੀ ਅਹਿਮੀਅਤ ਨੂੰ ਢਾਹ ਲਾਈ ਜਾ ਰਹੀ ਹੈ ਅਤੇ ਈ ਡੀ ਦੀ ਵਰਤੋਂ ਸਿਆਸੀ ਬਦਲਾਖੋਰੀ ਲਈ ਕੀਤੀ ਜਾ ਰਹੀ ਹੈ।
