ਪਾਲ ਸਿੰਘ ਨੌਲੀ
ਜਲੰਧਰ, 19 ਸਤੰਬਰ
ਨਿੱਜੀ ਸਕੂਲਾਂ ਵੱਲੋਂ ਲੌਕਡਾਊਨ ਦੌਰਾਨ ਖੜ੍ਹੀਆਂ ਰਹੀਆਂ ਬੱਸਾਂ ਦਾ ਕਿਰਾਇਆ ਬੱਚਿਆਂ ਕੋਲੋਂ ਵਸੂਲਣ ਲਈ ਪਾਏ ਜਾ ਰਹੇ ਦਬਾਅ ਵਿਰੁੱਧ ਮਾਪਿਆਂ ਨੇ ਸਕੂਲ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇੱਥੋਂ ਦੇ ਗਰੀਨ ਮਾਡਲ ਟਾਊਨ ਵਿਚਲੇ ਇਨੋਸੈਂਟ ਹਾਰਟਸ ਸਕੂਲ ਦੇ ਬਾਹਰ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਵੱਲੋਂ ਟਿਊਸ਼ਨ ਫੀਸ ਦੇ ਨਾਲ-ਨਾਲ ਸਕੂਲ ਬੱਸਾਂ ਦਾ ਕਿਰਾਇਆ ਵਸੂਲਣ ਅਤੇ ਸਕੂਲ ਦੇ ਹੋਰ ਸਾਲਾਨਾ ਫੰਡ ਲੈਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਮਾਪਿਆਂ ਦਾ ਕਹਿਣਾ ਸੀ ਕਿ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਨਿੱਜੀ ਸਕੂਲ ਸਿਰਫ਼ 30 ਫ਼ੀਸਦੀ ਟਿਊਸ਼ਨ ਫੀਸ ਹੀ ਲੈ ਸਕਦੇ ਹਨ। ਮਾਪਿਆਂ ਨੇ ਕਿਹਾ ਕਿ ਉਹ 30 ਫ਼ੀਸਦੀ ਟਿਊਸ਼ਨ ਫੀਸ ਦੇਣ ਲਈ ਤਿਆਰ ਹਨ ਪਰ ਲੌਕਡਾਊਨ ਦੌਰਾਨ ਖੜ੍ਹੀਆਂ ਰਹੀਆਂ ਬੱਸਾਂ ਦਾ ਕਿਰਾਇਆ ਹਰਗਿਜ਼ ਨਹੀਂ ਦੇਣਗੇ ਤੇ ਨਾ ਹੀ ਹੋਰ ਫੰਡ ਦੇਣਗੇ।
ਸਕੂਲ ਲਈ ਬੱਸਾਂ ਚਲਾ ਰਹੇ ਡਰਾਈਵਰਾਂ ਦਾ ਕਹਿਣਾ ਸੀ ਕਿ ਲੌਕਡਾਊਨ ਦੌਰਾਨ ਉਹ ਕੋਈ ਵੀ ਹੋਰ ਕੰਮ ਨਹੀਂ ਕਰ ਸਕੇ ਤੇ ਉਨ੍ਹਾਂ ਦੀ ਰੋਜ਼ੀ ਰੋਟੀ ਤਾਂ ਡਰਾਈਵਰੀ ਦੇ ਕੰਮ ਤੋਂ ਹੀ ਆਉਂਦੀ ਹੈ। ਬੱਸਾਂ ਦੇ ਚਾਲਕਾਂ ਨੇ ਸਕੂਲ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕਰੋਨਾ ਕਾਲ ਦੌਰਾਨ ਮਾਪਿਆਂ ਕੋਲੋਂ ਟਰਾਂਸਪੋਰਟ ਫ਼ੀਸ ਵਸੂਲੀ ਜਾਵੇ। ਪ੍ਰਿੰਸੀਪਲ ਰਾਜੀਵ ਦਾ ਕਹਿਣਾ ਸੀ ਕਿ ਉਹ ਮਾਪਿਆਂ ਨੂੰ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਫ਼ੀਸਾਂ ਜਮ੍ਹਾਂ ਕਰਵਾਉਣ ਲਈ ਕਹਿ ਰਹੇ ਹਨ ਪਰ ਕੁਝ ਮਾਪੇ ਇਸ ਤੋਂ ਵੀ ਕੋਰੀ ਨਾਂਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਵਿੱਤੀ ਵੇਰਵਿਆਂ ਸਮੇਤ ਹਲਫੀਆ ਬਿਆਨ ਦੇ ਦੇਣ।
ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਸਕੂਲ ਬੱਸਾਂ ਚਲਾਉਣ ਵਾਲੇ ਚਾਲਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਮਾਪਿਆਂ ਕੋਲੋਂ ਫ਼ੀਸਾਂ ਲੈਣ ’ਚ ਸਹਿਯੋਗ ਦੇਣ ਤਾਂ ਹੀ ਉਨ੍ਹਾਂ ਦਾ ਮਸਲਾ ਹੱਲ ਹੋ ਸਕਦਾ ਹੈ ਕਿਉਂਕਿ ਜੇ ਮਾਪੇ ਹੀ ਟਰਾਂਸਪੋਰਟ ਫ਼ੀਸ ਨਹੀਂ ਦੇਣਗੇ ਤਾਂ ਮੈਨੇਜਮੈਂਟ ਕਿੱਥੋਂ ਪੈਸੇ ਦੇਵੇਗੀ।