ਬਿਜਲੀ ਮੁਲਾਜ਼ਮ ਦਾ ਥਹੁ ਪਤਾ ਨਾ ਦੇਣ ਖਿਲਾਫ਼ ਪੁਲੀਸ ਵਿਰੁੱਧ ਪ੍ਰਦਰਸ਼ਨ

ਬਿਜਲੀ ਮੁਲਾਜ਼ਮ ਦਾ ਥਹੁ ਪਤਾ ਨਾ ਦੇਣ ਖਿਲਾਫ਼ ਪੁਲੀਸ ਵਿਰੁੱਧ ਪ੍ਰਦਰਸ਼ਨ

ਥਾਣੇ ਵਿੱਚ ਐੱਸਐੱਚਓ ਨਾਲ ਗੱਲਬਾਤ  ਦੌਰਾਨ ਐਕਸ਼ਨ ਕਮੇਟੀ ਦੇ ਆਗੂ।

ਜਗਜੀਤ ਸਿੰਘ
ਮੁਕੇਰੀਆਂ, 12 ਅਗਸਤ

ਬੀਤੀ ਸ਼ਾਮ ਗੜਦੀਵਾਲਾ ਸਬ ਸਟੇਸ਼ਨ ਵਿੱਚ ਡਿਊਟੀ ’ਤੇ ਤਾਇਨਾਤ ਆਰਟੀਐੱਮ (ਰੈਗੁਲਰ ਟੈਕਨੀਕਲ ਮੇਟ) ਨੂੰ ਪੁਲੀਸ ਵੱਲੋਂ ਪਾਵਰਕੌਮ ਉੱਚ ਅਧਿਕਾਰੀਆਂ ਦੀ ਪ੍ਰਵਾਨਗੀ ਲਏ ਬਿਨਾਂ ਹਿਰਾਸਤ ’ਚ ਲੈਣ ਅਤੇ ਅੱਜ ਦੁਪਹਿਰ ਤੱਕ ਵੀ ਉਸਦਾ ਥਹੁ ਪਤਾ ਨਾ ਦੇਣ ਖਿਲਾਫ਼ ਜੁਆਇੰਟ ਐਕਸ਼ਨ ਕਮੇਟੀ ਵਲੋਂ ਪੁਲੀਸ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। 

 ਪ੍ਰਦਰਸ਼ਨ ਦੀ ਅਗਵਾਈ ਕਮੇਟੀ ਦੇ ਕਨਵੀਨਰ ਅਵਤਾਰ ਸਿੰਘ, ਸਕੱਤਰ ਸੁਰਜੀਤ ਸਿੰਘ, ਐਂਪਲਾਈਜ਼ ਫੈਡਰੇਸ਼ਨ ਦੇ ਸਰਕਲ ਸਕੱਤਰ ਰਾਮ ਸਰਨ ਅਤੇ ਗੜਦੀਵਾਲਾ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕੀਤੀ।ਆਗੂਆਂ ਨੇ ਕਿਹਾ ਕਿ ਗੜਦੀਵਾਲਾ ਪੁਲੀਸ ਰਾਤ ਨੂੰ ਡਿਊਟੀ ’ਤੇ ਤਾਇਨਾਤ ਆਰ ਟੀਐੱਮ ਗੁਰਵਿੰਦਰ ਸਿੰਘ ਨੂੰ ਬਿਨਾਂ ਕੋਈ ਕਾਰਨ ਦੱਸੇ  ਧੱਕੇ ਨਾਲ ਗੱਡੀ ਵਿੱਚ ਬਿਠਾ ਕੇ ਲੈ ਗਈ।

ਆਗੂਆਂ ਨੇ ਕਿਹਾ ਕਿ ਪੁਲੀਸ ਤੇਲ ਚੋਰੀ ਮਾਮਲੇ ਦੀਆਂ ਪਾਵਰਕੌਮ ਵਲੋਂ ਐਸਐਸਪੀ ਨੂੰ ਕੀਤੀਆਂ ਸ਼ਿਕਾਇਤਾਂ ਕਾਰਨ ਮੁਲਾਜ਼ਮਾਂ ‘ਤੇ ਦਬਾਅ ਬਣਾਉਣ ਲਈ ਅਜਿਹੇ ਹੱਥਕੰਡੇ ਅਪਣਾ ਰਹੀ ਹੈ।

 ਉਨ੍ਹਾਂ ਮੁਲਾਜ਼ਮ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਐੱਸਐੱਚਓ ਗੜਦੀਵਾਲਾ ਗਗਨਦੀਪ ਸੇਖੋਂ ਨੇ ਕਿਹਾ ਕਿ ਗੁਰਵਿੰਦਰ ਸਿੰਘ ਨੂੰ ਤੇਲ ਚੋਰੀ ਮਾਮਲੇ ਵਿੱਚ ਪੁੱਛਗਿੱਛ ਲਈ ਲਿਆਂਦਾ ਗਿਆ ਸੀ ਅਤੇ ਜਾਂਚ ਦੀ ਨਿਗਰਾਨੀ ਖੁਦ ਡੀਐੱਸਪੀ ਟਾਂਡਾ ਕਰ ਰਹੇ ਹਨ। 

 ਉਨ੍ਹਾਂ ਆਗੂਆਂ ਨੂੰ ਭਰੋਸਾ ਦੁਆਇਆ ਕਿ ਜਾਂਚ ਨਿਰਪੱਖ ਤਰੀਕੇ ਨਾਲ ਕੀਤੀ ਜਾਵੇਗੀ ਅਤੇ ਜੇ ਆਰਟੀਐੱਮ ਨਿਰਦੋਸ਼ ਹੋਇਆ ਤਾਂ ਵਾਪਿਸ ਭੇਜ ਦਿੱਤਾ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All