ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਚਾਲੇ ਰੋਜ਼ਾਨਾ ਵੰਦੇ ਭਾਰਤ ਸਲੀਪਰ ਟਰੇਨ ਚਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਸਫ਼ਰ ਦੀ ਸਹੂਲਤ ਦਾ ਮਾਮਲਾ ਨਹੀਂ, ਸਗੋਂ ਲੱਖਾਂ ਸਿੱਖ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਅਹਿਮ ਮੁੱਦਾ ਹੈ। ਔਜਲਾ ਨੇ ਸਪੱਸ਼ਟ ਕੀਤਾ ਕਿ ਧਾਰਮਿਕ ਸੰਸਥਾਵਾਂ ਅਤੇ ਸ਼ਰਧਾਲੂਆਂ ਵੱਲੋਂ ਲਗਾਤਾਰ ਇਸ ਆਧੁਨਿਕ ਟਰੇਨ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਹਰ ਸਾਲ ਲੱਖਾਂ ਸ਼ਰਧਾਲੂ ਦਰਸ਼ਨਾਂ ਲਈ ਜਾਂਦੇ ਹਨ। ਮੌਜੂਦਾ ਰੇਲ ਸੇਵਾਵਾਂ ਵਿੱਚ ਭਾਰੀ ਭੀੜ ਕਾਰਨ ਨਵੀਂ ਅਤੇ ਆਰਾਮਦਾਇਕ ਸਲੀਪਰ ਟਰੇਨ ਦੀ ਸਖ਼ਤ ਲੋੜ ਹੈ।
ਸੰਸਦ ਮੈਂਬਰ ਨੇ ਟਰੇਨ ਦਾ ਸਮਾਂ ਦਿਨ ਜਾਂ ਸ਼ਾਮ ਵੇਲੇ ਰੱਖਣ ਦਾ ਸੁਝਾਅ ਦਿੱਤਾ ਤਾਂ ਜੋ ਬਜ਼ੁਰਗਾਂ ਅਤੇ ਪਰਿਵਾਰਾਂ ਨੂੰ ਦੇਰ ਰਾਤ ਜਾਂ ਤੜਕੇ ਸਫ਼ਰ ਕਰਨ ਦੀ ਖੱਜਲ-ਖੁਆਰੀ ਨਾ ਝੱਲਣੀ ਪਵੇ। ਉਨ੍ਹਾਂ ਉਮੀਦ ਜਤਾਈ ਕਿ ਰੇਲ ਮੰਤਰਾਲਾ ਦੋਵਾਂ ਪਵਿੱਤਰ ਤਖ਼ਤਾਂ ਵਿਚਾਲੇ ਆਧੁਨਿਕ ਰੇਲ ਸੰਪਰਕ ਮੁਹੱਈਆ ਕਰਵਾਉਣ ਲਈ ਸਕਾਰਾਤਮਕ ਫ਼ੈਸਲਾ ਕਰੇਗਾ। ਮੌਜੂਦਾ ਸਮੇਂ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਸਿਰਫ਼ ਇੱਕ ਰੋਜ਼ਾਨਾ ਰੇਲ ਗੱਡੀ ਚੱਲਦੀ ਹੈ ਜਿਸ ਦੀ ਬੁਕਿੰਗ ਮਹੀਨੇ ਪਹਿਲਾਂ ਕਰਵਾਉਣੀ ਪੈਂਦੀ ਹੈ।

