ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਨੇੜੇ ਸਥਿਤ ਪੁਰਾਣੇ ਡਾਕਖਾਨੇ ਦਾ ਨਾਮ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਦੇ ਨਾਮ ’ਤੇ ਰੱਖਿਆ ਜਾਵੇ। ਇਸ ਸਬੰਧੀ ਉਨ੍ਹਾਂ ਕੇਂਦਰੀ ਰਾਜ ਮੰਤਰੀ (ਸੰਚਾਰ) ਡਾ. ਚੰਦਰ ਸ਼ੇਖਰ ਨੂੰ ਪੱਤਰ ਲਿਖਿਆ ਹੈ।
ਸ੍ਰੀ ਔਜਲਾ ਨੇ ਆਪਣੇ ਪੱਤਰ ਵਿੱਚ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਨੇੜੇ ਇਹ ਡਾਕਖਾਨਾ ਪਿਛਲੇ 70 ਤੋਂ 80 ਸਾਲਾਂ ਤੋਂ ਨਿਰੰਤਰ ਸੇਵਾ ਕਰ ਰਿਹਾ ਹੈ। ਇਹ ਸ਼ਰਧਾਲੂਆਂ, ਯਾਤਰੀਆਂ ਅਤੇ ਸਥਾਨਕ ਨਿਵਾਸੀਆਂ ਲਈ ਸੰਚਾਰ ਦਾ ਇੱਕ ਮਹੱਤਵਪੂਰਨ ਕੇਂਦਰ ਰਿਹਾ ਹੈ। ਇਸ ਸਮੇਂ ਇਹ ਡਾਕਖਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ’ਚ ਕੰਮ ਕਰ ਰਿਹਾ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਇਸ ਇਤਿਹਾਸਕ ਡਾਕਖਾਨੇ ਦਾ ਨਾਮ ਡਾ. ਮਨਮੋਹਨ ਸਿੰਘ ਦੇ ਨਾਮ ’ਤੇ ਰੱਖਣਾ ਪੰਜਾਬ ਅਤੇ ਦੇਸ਼ ਦੋਵਾਂ ਲਈ ਮਾਣ ਵਾਲੀ ਗੱਲ ਹੋਵੇਗੀ। ਡਾ. ਮਨਮੋਹਨ ਸਿੰਘ ਦੀ ਪਛਾਣ ਇੱਕ ਇਮਾਨਦਾਰ, ਵਿਦਵਾਨ ਅਤੇ ਸਹਿਜ ਸੁਭਾਅ ਵਾਲੇ ਨੇਤਾ ਵਜੋਂ ਹੈ, ਜਿਨ੍ਹਾਂ ਨੇ ਦੇਸ਼ ਦੀ ਆਰਥਿਕ ਮਜ਼ਬੂਤੀ ਅਤੇ ਵਿਸ਼ਵ ਪੱਧਰ ’ਤੇ ਸਨਮਾਨ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ‘ਡਾ. ਮਨਮੋਹਨ ਸਿੰਘ ਪੋਸਟ ਆਫਿਸ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ’ ਨਾਮਕਰਨ ਸਿਰਫ਼ ਇੱਕ ਮਹਾਨ ਆਗੂ ਨੂੰ ਸਨਮਾਨ ਨਹੀਂ ਦੇਵੇਗਾ, ਸਗੋਂ ਇਹ ਪੰਜਾਬ ਦੀ ਮਿੱਟੀ ਨਾਲ ਜੁੜੇ ਉਸ ਵਿਅਕਤੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

