ਹੁਸ਼ਿਆਰਪੁਰ: ਸੋਸ਼ਲਿਸਟ ਪਾਰਟੀ ਨੇ ਪੁਲੀਸ ਨੂੰ ਇਕ ਸ਼ਿਕਾਇਤ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਭਾਰਤੀ ਦੰਡਾਵਲੀ ਦੀਆਂ ਉੱਚਿਤ ਧਾਰਾਵਾਂ ਅਤੇ ਲੋਕਪ੍ਰਤੀਨਿਧ ਕਾਨੂੰਨ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਇਹ ਸ਼ਿਕਾਇਤ ਮਈ ਮਹੀਨੇ ਕਰਨਾਟਕਾ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਮੋਦੀ ਵਲੋਂ ਦਿੱਤੇ ਇਕ ਬਿਆਨ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਨੇ ‘ਬਟਨ ਦਬਾਓ ਔਰ ਬਜਰੰਗ ਬਲੀ ਬੋਲੋ’ ਕਿਹਾ ਸੀ। ਸ਼ਿਕਾਇਤਕਰਤਾ ਸੋਸ਼ਲਿਸਟ ਪਾਰਟੀ ਦੇ ਕੌਮੀ ਉਪ ਪ੍ਰਧਾਨ ਬਲਵੰਤ ਸਿੰਘ ਖੇੜਾ ਤੇ ਸੂਬਾ ਪ੍ਰਧਾਨ ਓਮ ਸਿੰਘ ਸਟਿਆਣਾ ਨੇ ਸ਼ਿਕਾਇਤ ਵਿਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਦਾ ਇਹ ਭਾਸ਼ਣ ਕੌਮੀ ਏਕਤਾ ਤੇ ਧਰਮ ਨਿਰਪੱਖਤਾ ਦੇ ਖਿਲਾਫ਼ ਸੀ ਜਿਸ ਕਾਰਨ ਸਮਾਜ ਦੇ ਵੱਖ-ਵੱਖ ਵਰਗਾਂ ਵਿਚ ਰੋਸ ਹੈ। ਇਸ ਤੋਂ ਇਲਾਵਾ ਅਜਿਹਾ ਬਿਆਨ ਭਾਰਤੀ ਸਵਿਧਾਨ ਅਤੇ ਲੋਕਪ੍ਰਤੀਨਿਧਤਾ ਐਕਟ ਦੀ ਵੀ ਉਲੰਘਣਾ ਸੀ। ਸ਼ਿਕਾਇਤਕਰਤਾਵਾਂ ਨੇ ਐਸ.ਐਸ.ਪੀ ਨੂੰ ਮਿਲ ਕੇ ਇਹ ਸ਼ਿਕਾਇਤ ਦਿੱਤੀ ਹੈ ਅਤੇ ਇਸ ਦੀਆਂ ਨਕਲਾਂ ਰਾਸ਼ਟਰਪਤੀ ਅਤੇ ਮੁੱਖ ਚੋਣ ਕਮਿਸ਼ਨ ਨੂੰ ਵੀ ਭੇਜੀਆਂ ਹਨ। -ਪੱਤਰ ਪ੍ਰੇਰਕ