ਪੱਤਰ ਪ੍ਰੇਰਕ
ਫਗਵਾੜਾ, 3 ਦਸੰਬਰ
ਅੰਗਹੀਣ ਸਮਾਜ ਸੇਵਾ ਯੂਨੀਅਨ ਪੰਜਾਬ ਦੇ ਵਫ਼ਦ ਨੇ ਅੱਜ ਅੰਗਹੀਣ ਦਿਵਸ ਮੌਕੇ ‘ਆਪ’ ਆਗੂ ਜੋਗਿੰਦਰ ਸਿੰਘ ਮਾਨ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਯੂਨੀਅਨ ਦੇ ਪੰਜਾਬ ਪ੍ਰਧਾਨ ਸਤਪਾਲ ਬੈਂਸ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਤੇ ਅੰਗਹੀਣਾਂ ਨੂੰ ਸਰਕਾਰੀ ਤੇ ਲਿਮਟਿਡ ਕੰਪਨੀਆਂ ‘ਚ ਪਹਿਲ ਦੇ ਅਧਾਰ ‘ਤੇ ਨੌਕਰੀ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪ੍ਰਾਈਵੇਟ ਰੁਜ਼ਗਾਰ ਲਈ ਈ-ਰਿਕਸ਼ਾ ਦੇਣ, ਅੰਗਹੀਣਤਾ ਪੈਨਸ਼ਨ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ, ਸਬ-ਐਕਟ 2016 ਨੂੰ ਇੰਨ-ਬਿੰਨ ਲਾਗੂ ਕਰਨ, ਅੰਗਹੀਣਾਂ ਨੂੰ ਕਾਰੋਬਾਰ ਲਈ ਮਿਲਣ ਵਾਲੇ ਕਰਜੇ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ, ਬੱਸਾਂ ਦੇ ਕਿਰਾਏ ਵਿੱਚ ਪੂਰੀ ਛੋਟ ਦੇਣ, ਰੇਲਗੱਡੀ ਦੇ ਸਫਰ ਲਈ ਪਾਸ ਸਹੂਲਤ ਫਿਰੋਜ਼ਪੁਰ ਡਿਵੀਜ਼ਨ ‘ਚ ਮੁਹੱਈਆ ਕਰਵਾ ਕੇ ਖੱਜਲ ਖੁਆਰੀ ਤੋਂ ਰਾਹਤ ਦੇਣ ਅਤੇ ਅੰਤੋਦਿਆ ਸਕੀਮ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਮਾਨ ਨੇ ਭਰੋਸਾ ਦਿੱਤਾ ਕਿ ਯੂਨੀਅਨ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾ ਕੇ ਵੱਧ ਤੋਂ ਵੱਧ ਸਹੂਲਤਾਂ ਦੁਆਉਣ ਦਾ ਉਪਰਾਲਾ ਕਰਨਗੇ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਪੰਜਾਬ ਮਦਨ ਲਾਲ, ਸੀਨੀਅਰ ਐਡਵਾਈਜ਼ਰ ਮਾਸਟਰ ਪਰਮਜੀਤ ਕੁਮਾਰ, ਕੈਸ਼ੀਅਰ ਜੋਰਾਵਰ ਸਿੰਘ, ਜਲੰਧਰ ਪ੍ਰਧਾਨ ਕੁਲਵਿੰਦਰ ਪਾਲ, ਹੁਸ਼ਿਆਰਪੁਰ ਪ੍ਰਧਾਨ ਬਲਵੀਰ ਸਿੰਘ ਤੇ ਸੰਤਵੀਰ ਸਿੰਘ ਮੌਜੂਦ ਸਨ।