DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਕੂਲੀ ਬੱਸਾਂ ’ਚ ਊਣਤਾਈਆਂ ਕਾਰਨ ਬੱਚਿਆਂ ਦੀ ਜਾਨ ਨੂੰ ਖ਼ਤਰਾ

ਬਗ਼ੈਰ ਦਸਤਾਵੇਜ਼ਾਂ ਵਾਲੀ ਬੱਸ ਨੇ ਕਾਰ ਨੂੰ ਮਾਰੀ ਟੱਕਰ; ਚੱਪਲਾਂ ਪਾ ਕੇ ਵਾਹਨ ਚਲਾ ਰਿਹਾ ਸੀ ਡਰਾਈਵਰ

  • fb
  • twitter
  • whatsapp
  • whatsapp
Advertisement

ਸਬ-ਡਿਵੀਜ਼ਨ ਬਾਬਾ ਬਕਾਲਾ ਦੇ ਪ੍ਰਾਈਵੇਟ ਸਕੂਲਾਂ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚਲਾਈਆਂ ਜਾ ਰਹੀਆਂ ਖ਼ਸਤਾ ਹਾਲ ਬੱਸਾਂ ਕਾਰਨ ਬੱਚਿਆਂ ਦੀ ਸੁਰੱਖਿਆ ਵੱਡੇ ਖ਼ਤਰੇ ’ਚ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਲਾਕੇ ਦੇ ਕਈ ਦਰਜਨਾਂ ਨਿੱਜੀ ਸਕੂਲਾਂ ਵਿੱਚ ਅਜਿਹੀਆਂ ਬੱਸਾਂ ਰਾਹੀਂ ਬੱਚਿਆਂ ਨੂੰ ਲਿਜਾਇਆ ਜਾ ਰਿਹਾ ਹੈ, ਜਿਨ੍ਹਾਂ ਦੀ ਟਰਾਂਸਪੋਰਟ ਵਿਭਾਗ ਵੱਲੋਂ ਪਾਸਿੰਗ ਨਹੀਂ ਕੀਤੀ ਗਈ ਅਤੇ ਉਨ੍ਹਾਂ ਦੀ ਆਰ ਸੀ (ਰਜਿਸਟ੍ਰੇਸ਼ਨ ਸਰਟੀਫਿਕੇਟ) ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ।

ਅੱਜ ਉਸ ਵੇਲੇ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਜਦੋਂ ਜ਼ੀਨਥ ਪਬਲਿਕ ਸਕੂਲ (ਵਡਾਲਾ ਰਈਆ) ਦੀ ਬੱਸ, ਜਿਸ ਵਿੱਚ ਕਰੀਬ 40 ਬੱਚੇ ਸਵਾਰ ਸਨ, ਨੇ ਪਿੰਡ ਦਿਨਆਲ ਕੋਲ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਕੀਤੀ ਪੜਤਾਲ ਦੌਰਾਨ ਪਤਾ ਲੱਗਾ ਕਿ ਉਕਤ ਬੱਸ ਦੀ ਆਰ ਟੀ ਓ ਦਫ਼ਤਰ ਪਟਿਆਲਾ ਤੋਂ ਪਾਸਿੰਗ ਸਾਲ 2019 ਵਿੱਚ ਹੀ ਖ਼ਤਮ ਹੋ ਚੁੱਕੀ ਸੀ ਅਤੇ ਉਸ ਤੋਂ ਬਾਅਦ ਕੋਈ ਟੈਕਸ ਨਹੀਂ ਤਾਰਿਆ ਗਿਆ ਸੀ। ਇਸ ਤੋਂ ਇਲਾਵਾ ਬੱਸ ਦਾ ਚਾਲਕ ਬਿਨਾਂ ਵਰਦੀ ਅਤੇ ਚੱਪਲਾਂ ਪਾ ਕੇ ਵਾਹਨ ਚਲਾ ਰਿਹਾ ਸੀ। ਸਥਾਨਕ ਲੋਕਾਂ ਅਨੁਸਾਰ, ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅਜਿਹਾ ਡਰਾਈਵਰ ਵੀ ਰੱਖਿਆ ਗਿਆ ਹੈ, ਜਿਸ ਦਾ ਇੱਕ ਹੱਥ ਹੀ ਨਹੀਂ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਿੰਡ ਦਿਨਆਲ ਦੇ ਨਿਵਾਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਬੱਸ ਅਤੇ ਡਰਾਈਵਰ ਨੂੰ ਥਾਣਾ ਖਲਚੀਆ ਦੇ ਵਾਲੇ ਕਰ ਦਿੱਤਾ।

Advertisement

ਜ਼ੀਨਥ ਪਬਲਿਕ ਸਕੂਲ ਦੇ ਮਾਲਕ ਹਰਿੰਦਰ ਸਿੰਘ ਨੇ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ ਇਹ ਬੱਸ ਠੇਕੇ ’ਤੇ ਰੱਖੀ ਗਈ ਸੀ, ਪਰ ਬਿਨਾਂ ਕਾਗਜ਼ਾਤ ਤੋਂ ਬੱਚਿਆਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਾਉਣ ਸਬੰਧੀ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ।

Advertisement

ਦੂਜੇ ਪਾਸੇ ਐੱਸ ਡੀ ਐੱਮ ਬਾਬਾ ਬਕਾਲਾ ਜਸ਼ਨਜੀਤ ਸਿੰਘ ਨੇ ਕਿਹਾ ਕਿ ਸਕੂਲ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰ ਜੀਤ ਸਿੰਘ ਨੇ ਆਰ ਟੀ ਓ ਅੰਮ੍ਰਿਤਸਰ ਨੂੰ ਮਾਮਲੇ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਐੱਸ ਐੱਸ ਪੀ ਅੰਮ੍ਰਿਤਸਰ (ਦਿਹਾਤੀ) ਸੁਹੇਲ ਮੀਰ ਨੇ ਦੱਸਿਆ ਕਿ ਜਾਂਚ ਮੁਕੰਮਲ ਹੁੰਦੇ ਹੀ ਸਕੂਲ ਮਾਲਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਰ ਟੀ ਓ ਅੰਮ੍ਰਿਤਸਰ ਹਿਤੇਸ਼ ਗੁਪਤਾ ਨਾਲ ਸੰਪਰਕ ਨਹੀਂ ਹੋ ਸਕਿਆ।

Advertisement
×