Death Threat: ਅਕਾਲੀ ਆਗੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
ਕਿਰਪਾਲ ਗੇਰਾ ਨੇ ਵਿਦੇਸ਼ੀ ਨੰਬਰਾਂ ਤੋਂ ਕਾਲ ਆੳੁਣ ਦਾ ਦਾਅਵਾ ਕੀਤਾ; ਪੁਲੀਸ ਨੂੰ ਸ਼ਿਕਾਇਤ ਦਿੱਤੀ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਕਿਰਪਾਲ ਸਿੰਘ ਗੇਰਾ ਨੇ ਅਣਪਛਾਤੇ ਵਲੋਂ ਵਿਦੇਸ਼ੀ ਫੋਨ ਨੰਬਰ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਇਸ ਬਾਰੇ ਡੀ ਆਈ ਜੀ ਕ੍ਰਾਈਮ ਨੂੰ ਸ਼ਿਕਾਇਤ ਦਿੱਤੀ ਹੈ। ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਵਿਦੇਸ਼ੀ ਮੋਬਾਈਲ ਨੰਬਰਾਂ ਤੋਂ ਧਮਕੀਆਂ ਭਰੇ ਫੋਨ ਕਰ ਕੇ ਸਮਾਜਿਕ ਤੇ ਰਾਜਨੀਤਕ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਹਾਜੀਪੁਰ ਬਲਾਕ ’ਚ ਕਥਿਤ ਗ਼ੈਰ-ਕਾਨੂੰਨੀ ਖਣਨ, ਕੁਦਰਤੀ ਸਰੋਤਾਂ ਦੀ ਲੁੱਟ ਸਣੇ ਹੋਰ ਸਮਾਜਿਕ ਮੁੱਦੇ ਉਠਾ ਰਹੇ ਹਨ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਧਮਕੀਆਂ ਦੇਣ ਵਾਲਾ ਉਨ੍ਹਾਂ ਦੀ ਵਧਦੀ ਸਮਾਜਿਕ ਅਤੇ ਰਾਜਨੀਤਿਕ ਸਰਗਰਮੀ ਤੋਂ ਨਾਰਾਜ਼ ਹੈ। ਉਨ੍ਹਾਂ ਨੇ ਇਸ ਲਈ ਪੁਲੀਸ ਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸ੍ਰੀ ਗੇਰਾ ਨੇ ਦੱਸਿਆ ਕਿ ਉਨ੍ਹਾਂ ਡੀ ਆਈ ਜੀ ਕ੍ਰਾਈਮ ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਮਾਮਲੇ ਦੀ ਜਾਂਚ ਕਰਨ ਤੇ ਉਨ੍ਹਾਂ ਸਮੇਤ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਭਾਜਪਾ ਆਗੂ ਅਜੈ ਕੌਸ਼ਲ ਸੇਠੂ, ਅਨਿਲ ਵਸ਼ਿਸ਼ਟ, ਸ਼ੰਭੂ ਨਾਥ ਭਾਰਤੀ, ਕਾਂਗਰਸੀ ਆਗੂ ਅਮਰਜੀਤ ਸਿੰਘ ਢਾਡੇਕਟਵਾਲ, ਤਰਸੇਮ ਮਿਨਹਾਸ, ਅਸ਼ਵਨੀ ਕੁਮਾਰ ਆਦਿ ਨੇ ਕਿਹਾ ਕਿ ਧਮਕਾਉਣ ਲਈ ਜ਼ਿੰਮੇਵਾਰਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ।
ਦੂਜੇ ਪਾਸੇ ਇਸ ਸਬੰਧ ੀਡੀ ਐੱਸ ਪੀ ਮੁਕੇਰੀਆਂ ਨਛੱਤਰ ਸਿੰਘ ਨੇ ਕਿਹਾ ਕਿ ਜਥੇਦਾਰ ਗੇਰਾ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ, ਜਿਸ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਉਨ੍ਹਾਂ ਦਾ ਤਬਾਦਲਾ ਅੰਮ੍ਰਿਤਸਰ ਹੋ ਜਾਣ ਕਾਰਨ ਉਹ ਚਾਰਜ ਛੱਡ ਗਏ ਹਨ ਤੇ ਜਿਹੜੇ ਅਧਿਕਾਰੀ ਮੁਕੇਰੀਆਂ ’ਚ ਤਾਇਨਾਤ ਕੀਤੇ ਗਏ ਹਨ, ਉਹ ਜਾਂਚ ਕਰਨਗੇ।

