Electric Pole ਡਿੱਗਣ ਕਾਰਨ ਮੌਤ, ਲੋਕਾਂ ਵੱਲੋਂ ਪ੍ਰਦਰਸ਼ਨ
ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਠੇਕੇਦਾਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ
ਕਸਬਾ ਸੁਜਾਨਪੁਰ ਵਿੱਚ ਸੀਵਰੇਜ ਦੇ ਅਧੂਰੇ ਕੰਮ ਅਤੇ ਪੁੱਟੇ ਟੋਇਆਂ ਕਾਰਨ, ਬਿਜਲੀ ਦਾ ਖੰਭਾ ਡਿੱਗ ਪਿਆ। ਇਸ ਕਾਰਨ ਪਰਿਵਾਰ ਦੇ ਇਕਲੌਤੇ ਕਮਾਊ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿਆਰਾ ਲਾਲ ਵਜੋਂ ਹੋਈ ਹੈ, ਜੋ ਸੁਜਾਨਪੁਰ ਦੇ ਜੰਮੂ ਕਲਿਆਰੀ ਮੋੜ ਦਾ ਵਾਸੀ ਸੀ। ਹਾਦਸੇ ਮਗਰੋਂ ਸਥਾਨਕ ਲੋਕਾਂ ਨੇ ਸੀਵਰੇਜ ਬੋਰਡ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਹੈ ਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਠੇਕੇਦਾਰ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਤੁਰੰਤ ਲੋੜੀਂਦੀ ਵਿੱਤੀ ਸਹਾਇਤਾ ਦਿੱਤੀ ਜਾਵੇ।
ਨਗਰ ਕੌਂਸਲ ਦੇ ਉਪ ਪ੍ਰਧਾਨ ਸੁਰਿੰਦਰ ਮਨਹਾਸ, ਵਾਰਡ ਕੌਂਸਲਰ ਦੇ ਪਤੀ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਸੁਜਾਨਪੁਰ ਵਿੱਚ ਸੀਵਰੇਜ ਦਾ ਕੰਮ ਚੱਲ ਰਿਹਾ ਹੈ। ਇਸੇ ਤਰ੍ਹਾਂ, ਸੁਜਾਨਪੁਰ ਦੇ ਸ਼ਮਸ਼ਾਨਘਾਟ ਰੋਡ ’ਤੇ ਕੰਮ ਚੱਲ ਰਿਹਾ ਸੀ ਅਤੇ ਸੜਕ ਪੁੱਟ ਦਿੱਤੀ ਗਈ। ਇਸ ਨਾਲ ਜ਼ਮੀਨ ਹੇਠੋਂ ਖੋਖਲੀ ਹੋਣ ਕਾਰਨ ਬਿਜਲੀ ਦਾ ਖੰਭਾ ਡਿੱਗ ਗਿਆ। ਇੱਕ ਸਾਈਕਲ ਸਵਾਰ ਉੱਥੋਂ ਲੰਘ ਰਿਹਾ ਸੀ। ਖੰਭਾ ਡਿੱਗਦੇ ਸਾਰ, ਤਾਰਾਂ ਸਾਈਕਲ ਸਵਾਰ ’ਤੇ ਡਿੱਗ ਪਈਆਂ। ਤਾਰਾਂ ਵਿੱਚੋਂ ਚੰਗਿਆੜੀਆਂ ਨਿਕਲੀਆਂ, ਜਿਸ ਸਾਈਕਲ ਸਵਾਰ ਝੁਲਸ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਨੈ ਚਿਤਾਵਨੀ ਦਿੱਤੀ ਕਿ ਜੇ ਲਾਪ੍ਰਵਾਹੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਸੜਕ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕਰਨਗੇ।
ਪੁਲੀਸ ਸਟੇਸ਼ਨ ਇੰਚਾਰਜ ਮੋਹਿਤ ਟਾਂਕ ਨੇ ਕਿਹਾ ਕਿ ਮ੍ਰਿਤਕ ਦੀ ਧੀ ਸ਼ਿਵਾਨੀ ਦੇ ਬਿਆਨਾਂ ’ਤੇ ਸੀਵਰੇਜ ਬੋਰਡ ਵਿਭਾਗ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਪਿਆਰੇ ਲਾਲ ਮਜ਼ਦੂਰੀ ਅਤੇ ਮਾਲੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।

