Dasuya District Demand: ‘ਆਪ’ ਦੇ ਰਾਜ ’ਚ ਵੀ ਦਸੂਹਾ ਜ਼ਿਲ੍ਹਾ ਨਾ ਬਣਿਆ
ਸਰਕਾਰ ਦਾ ਕਾਰਜਕਾਲ ਆਖਰੀ ਪੜਾਅ ’ਚ ਪੁੱਜਣ ਦੇ ਬਾਵਜੂਦ ਨਹੀਂ ਹੋਇਆ ਵਾਅਦਾ ਪੂਰਾ
ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਮੁੜ ਸਿਆਸੀ ਵਾਅਦਿਆਂ ਅਤੇ ਐਲਾਨਾਂ ਤੱਕ ਹੀ ਸੀਮਤ ਰਹਿ ਗਈ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਦਸੂਹਾ ਨੂੰ ਜ਼ਿਲ੍ਹੇ ਦਾ ਦਰਜਾ ਦਿਵਾਉਣ ਦਾ ਵਾਅਦਾ ਕੀਤਾ ਗਿਆ ਸੀ। ‘ਆਪ’ ਦੀ ਸਰਕਾਰ ਬਣਨ ਮਗਰੋਂ ਲੋਕਾਂ ਨੂੰ ਉਮੀਦ ਸੀ ਕਿ ਹੁਣ ਇਹ ਮੰਗ ਸਿਰੇ ਚੜ੍ਹੇਗੀ, ਪਰ ਸਰਕਾਰ ਦੇ ਕਾਰਜਕਾਲ ਦੇ ਆਖਰੀ ਪੜਾਅ ਦੇ ਬਾਵਜੂਦ ਇਹ ਵਾਅਦਾ ਪੂਰਾ ਨਹੀਂ ਹੋ ਸਕਿਆ। ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋਂ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦਾ ਮੁੱਦਾ ਦੋ ਵਾਰ ਵਿਧਾਨ ਸਭਾ ਵਿੱਚ ਉਠਾਏ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਇਸ ਸਬੰਧੀ ਕੋਈ ਠੋਸ ਫੈਸਲਾ ਨਾ ਲਏ ਜਾਣ ਕਾਰਨ ਲੋਕ ਨਿਰਾਸ਼ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਘੋਗਰਾ ਵਿੱਚ ਲੋਕ ਮਿਲਣੀ ਦੌਰਾਨ ਦਸੂਹਾ ਵਿੱਚ ਏ ਡੀ ਸੀ ਦੀ ਅਸਾਮੀ ਮਨਜ਼ੂਰ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਏ ਡੀ ਸੀ ਦੇ ਦਸੂਹਾ ਵਿੱਚ ਬੈਠਣ ਨਾਲ ਦਸੂਹਾ, ਮੁਕੇਰੀਆਂ, ਤਲਵਾੜਾ, ਹਾਜੀਪੁਰ ਅਤੇ ਗੜ੍ਹਦੀਵਾਲਾ ਖੇਤਰਾਂ ਦੇ ਲੋਕਾਂ ਨੂੰ ਪ੍ਰਸ਼ਾਸਨਿਕ ਕੰਮਾਂ ਲਈ ਹੁਣ ਹੁਸ਼ਿਆਰਪੁਰ ਜਾਣ ਦੀ ਲੋੜ ਨਹੀਂ ਪਵੇਗੀ। ਇਹ ਐਲਾਨ ਵੀ ਮਹਿਜ਼ ਐਲਾਨ ਹੀ ਰਹਿ ਗਿਆ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੋਣ ਪ੍ਰਚਾਰ ਦੌਰਾਨ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਵਾਅਦਾ ਕੀਤਾ ਸੀ। ਦਸੂਹਾ ਵਾਸੀਆਂ ਦਾ ਕਹਿਣਾ ਹੈ ਕਿ ਹਰ ਚੋਣ ਸਮੇਂ ਇਹ ਮੰਗ ਸਿਆਸੀ ਮੁੱਦਾ ਬਣਦੀ ਹੈ, ਪਰ ਚੋਣਾਂ ਮਗਰੋਂ ਇਸ ’ਤੇ ਅਮਲ ਲਈ ਕਾਰਵਾਈ ਨਹੀਂ ਹੁੰਦੀ।
ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੀ ਕੋਸ਼ਿਸ਼ ਜਾਰੀ ਰਹੇਗੀ: ਘੁੰਮਣ
ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਕਿਹਾ ਕਿ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਲਈ ਉਨ੍ਹਾਂ ਦੇ ਯਤਨ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਉਹ ਇਹ ਮੁੱਦਾ ਦੋ ਵਾਰ ਪੰਜਾਬ ਵਿਧਾਨ ਸਭਾ ਵਿੱਚ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦਸੂਹਾ ਵਿੱਚ ਏ ਡੀ ਸੀ ਦੀ ਅਸਾਮੀ ਨੂੰ ਮਨਜ਼ੂਰੀ ਦਿੱਤੀ ਹੈ। ਏ ਡੀ ਸੀ ਵੱਲੋਂ ਚਾਰਜ ਸੰਭਾਲਣ ਮਗਰੋਂ ਇਲਾਕਾ ਵਾਸੀਆਂ ਨੂੰ ਦਸੂਹਾ ਵਿੱਚ ਹੀ ਜ਼ਿਲ੍ਹਾ ਪੱਧਰੀ ਸਹੂਲਤਾਂ ਮਿਲਣਗੀਆਂ।

