ਨਗਰ ਕੌਂਸਲ ਦਸੂਹਾ: ਜਾਅਲੀ ਨਕਸ਼ਿਆਂ ’ਤੇ ਉਸਰੀਆਂ ਇਮਾਰਤਾਂ : The Tribune India

ਨਗਰ ਕੌਂਸਲ ਦਸੂਹਾ: ਜਾਅਲੀ ਨਕਸ਼ਿਆਂ ’ਤੇ ਉਸਰੀਆਂ ਇਮਾਰਤਾਂ

ਨਗਰ ਕੌਂਸਲ ਦਸੂਹਾ: ਜਾਅਲੀ ਨਕਸ਼ਿਆਂ ’ਤੇ ਉਸਰੀਆਂ ਇਮਾਰਤਾਂ

ਨਗਰ ਕੌਂਸਲ ਦਸੂਹਾ ਦੀ ਇਮਾਰਤ ਦੀ ਬਾਹਰੀ ਝਲਕ।

ਜਗਜੀਤ ਸਿੰਘ

ਮੁਕੇਰੀਆਂ/ਦਸੂਹਾ, 7 ਦਸੰਬਰ

ਦਸੂਹਾ ਨਗਰ ਕੌਂਸਲ ਅਧੀਨ ਕੌਂਸਲ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਦਰਜਨ ਤੋਂ ਵੱਧ ਇਮਾਰਤਾਂ ਜਾਅਲੀ ਨਕਸ਼ਿਆਂ ਦੇ ਆਧਾਰ ’ਤੇ ਬਣੀਆਂ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਪਲੇ ਨਾਲ ਕੌਂਸਲ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਵੀ ਹੋਇਆ ਹੈ। ਸੂਤਰਾਂ ਅਨੁਸਾਰ ਦਸੂਹਾ ਵਿੱਚ ਕਥਿਤ ਜਾਅਲੀ ਨਕਸ਼ਿਆਂ ਦੇ ਆਧਾਰ ’ਤੇ ਦਰਜਨਾਂ ਇਮਾਰਤਾਂ ਦੀ ਉਸਾਰੀ ਹੋ ਚੁੱਕੀ ਹੈ ਤੇ ਅਜਿਹੀਆਂ ਵੱਡੀ ਗਿਣਤੀ ਹੋਰ ਇਮਾਰਤਾਂ ਉਸਾਰੀ ਅਧੀਨ ਹਨ। ਇਨ੍ਹਾਂ ਇਮਾਰਤਾਂ ਦੀ ਉਸਾਰੀ ਭਾਵੇਂ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਚੁੱਕੀ ਹੈ, ਪਰ ਇਨ੍ਹਾਂ ਦੇ ਨਕਸ਼ੇ ਪਾਸ ਕਰਵਾਉਣ ਲਈ ਹਾਲੇ ਤੱਕ ਕੋਈ ਕਾਰਵਾਈ ਨਹੀਂ ਵਿੱਢੀ ਗਈ ਹੈ। ਨਕਸ਼ੇ ਪਾਸ ਕਰਵਾਏ ਬਿਨਾਂ ਅਤੇ ਇਸ ਸਬੰਧੀ ਫੀਸ ਭਰੇ ਬਿਨਾਂ ਕੀਤੀਆਂ ਗਈਆਂ ਇਨ੍ਹਾਂ ਉਸਾਰੀਆਂ ਨਾਲ ਕੌਂਸਲ ਨੂੰ ਲੱਖਾਂ ਰੁਪਏ ਦਾ ਨੁਕਸਾਨ ਵੀ ਪਹੁੰਚਾਇਆ ਜਾ ਰਿਹਾ ਹੈ।

ਨਿਯਮਾਂ ਅਨੁਸਾਰ ਕਿਸੇ ਵੀ ਨਕਸ਼ਾ ਨਵੀਸ ਵੱਲੋਂ ਨਕਸ਼ਾ ਪਾਸ ਕਰਨ ਲਈ ਮੁਕੰਮਲ ਦਸਤਾਵੇਜ਼ਾਂ ਦੀ ਪੀਡੀਐਫ ਫਾਈਲ ਉਸ ਦੀ ਪਹਿਲੀ ਫੀਸ ਜਮ੍ਹਾਂ ਕਰਵਾ ਕੇ ਜਾਂਚ ਲਈ ਨਗਰ ਕੌਂਸਲ ਦੇ ਐੱਸਓ ਦੇ ਪੋਰਟਲ ’ਤੇ ਭੇਜੀ ਜਾਂਦੀ ਹੈ। ਐੱਸਓ ਵੱਲੋਂ ਨਕਸ਼ੇ ਦੀ ਮੁਕੰਮਲ ਜਾਂਚ ਹੋਣ ਮਗਰੋਂ ਦੂਜੀ ਫੀਸ ਜਮ੍ਹਾਂ ਕਰਾਉਣ ਲਈ ਆਖਿਆ ਜਾਂਦਾ ਹੈ, ਜਿਸ ਮਗਰੋਂ ਫਾਈਲ ਪਾਸ ਹੋਣ ਲਈ ਨਗਰ ਕੌਂਸਲ ਦੇ ਈਓ ਦੇ ਪੋਰਟਲ ’ਤੇ ਚਲੀ ਜਾਂਦੀ ਹੈ। ਇਥੇ ਜਾਂਚ ਹੋਣ ਮਗਰੋਂ ਡਿਜੀਟਲ ਹਸਤਾਖਰਾਂ ਨਾਲ ਇਹ ਨਕਸ਼ੇ ਪਾਸ ਹੁੰਦੇ ਹਨ ਤੇ ਈਓ ਵੱਲੋਂ ਇੱਕ ਸੈਂਕਸ਼ਨ ਲੈਟਰ ਵੀ ਦਿੱਤਾ ਜਾਂਦਾ ਹੈ।

ਪਰ ਸੂਤਰਾਂ ਅਨੁਸਾਰ ਦਸੂਹਾ ਅੰਦਰ ਐੱਸਡੀਐੱਮ ਚੌਕ ਨੇੜਲੇ ਤੇ ਨਗਰ ਕੌਂਸਲ ਦੇ ਚਹੇਤੇ ਇੱਕ ਨਕਸ਼ਾ ਨਵੀਸ ਵੱਲੋਂ ਕਥਿਤ ਈਓ ਦੇ ਜਾਅਲੀ ਦਸਤਖ਼ਤਾਂ ਵਾਲੇ ਨਕਸ਼ੇ ਤੇ ਸੈਂਕਸ਼ਨ ਲੈਟਰ ਤਿਆਰ ਕਰਵਾ ਕੇ ਇਮਾਰਤਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਹਾਲਾਂਕਿ ਉਕਤ ਨਕਸ਼ਾ ਨਵੀਸ ਵੱਲੋਂ ਲੋਕਾਂ ਤੋਂ ਇਸ ਸਾਰੀ ਕਾਰਵਾਈ ਦੌਰਾਨ ਲੱਗਣ ਵਾਲੀ ਫੀਸ ਬਾਕਾਇਦਾ ਵਸੂਲੀ ਜਾ ਰਹੀ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਇਸ ਗੋਰਖਧੰਦੇ ਦੀ ਵਿਜੀਲੈਂਸ ਜਾਂਚ ਮੰਗੀ ਹੈ। 

ਕੋਈ ਮਾਮਲਾ ਧਿਆਨ ਵਿੱਚ ਨਹੀਂ: ਈਓ

ਇਸ ਸਬੰਧੀ ਨਗਰ ਕੌਂਸਲ ਦਸੂਹਾ ਦੇ ਈਓ ਮਦਨ ਸਿੰਘ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਪਰ ਕਿਸੇ ਨੇ ਉਨ੍ਹਾਂ ਨੂੰ ਆਖਿਆ ਸੀ ਕਿ ਉਹ ਇਸ ਗੋਰਖਧੰਦੇ ਦਾ ਪਰਦਾਫਾਸ਼ ਕਰੇਗਾ। ਪੱਤਰਕਾਰ ਵੱਲੋਂ ਈਓ ਨੂੰ ਭੇਜੀ ਗਈ ਜਾਣਕਾਰੀ ਵਾਲੇ ਨਕਸ਼ਿਆਂ ਦਾ ਉਨ੍ਹਾਂ ਕੋਈ ਜਵਾਬ ਦੇਣ ਦੀ ਥਾਂ ਇਸ ਦੀ ਜ਼ਿੰਮੇਵਾਰੀ ਐੱਸਓ ਦੇ ਸਿਰ ਪਾ ਕੇ ਮੁੜ ਫੋਨ ਚੁੱਕਣਾ ਬੰਦ ਕਰ ਦਿੱਤਾ, ਜਿਸ ਕਾਰਨ ਅਧਿਕਾਰੀਆਂ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿੱਚ ਆ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All