
ਬੈਠਕ ਵਿੱਚ ਹਾਜ਼ਰ ਨਗਰ ਕੌਂਸਲ ਪ੍ਰਧਾਨ ਸੁੱਚਾ ਸਿੰਘ ਲੂਫਾ ਪ੍ਰਧਾਨ ਤੇ ਸਮੂਹ ਕੌਂਸਲਰ।
ਭਗਵਾਨ ਦਾਸ ਸੰਦਲ
ਦਸੂਹਾ, 25 ਮਾਰਚ
ਨਗਰ ਕੌਂਸਲ ਦਸੂਹਾ ਦੀ ਬਜਟ ਬੈਠਕ ਵਿੱਚ ਵਿੱਤੀ ਵਰ੍ਹੇ 2023-24 ਲਈ 9.20 ਕਰੋੜ ਰੁਪਏ ਦਾ ਸਾਲਾਨਾ ਬਜਟ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਕੌਂਸਲ ਦਫ਼ਤਰ ਵਿੱਚ ਹੋਈ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਸੁੱਚਾ ਸਿੰਘ ਲੂਫਾ ਨੇ ਕੀਤੀ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ, ਉਪ-ਪ੍ਰਧਾਨ ਚੰਦਰ ਸ਼ੇਖਰ ਬੰਟੀ, ਕਾਰਜ ਸਾਧਕ ਅਫ਼ਸਰ ਕਮਲਜਿੰਦਰ ਸਿੰਘ ਸਮੇਤ ਸਮੂਹ ਕੌਂਸਲਰਾਂ ਨੇ ਸ਼ਿਰਕਤ ਕੀਤੀ। ਕੌਂਸਲ ਪ੍ਰਧਾਨ ਸੁੱਚਾ ਸਿੰਘ ਲੂਫਾ ਨੇ ਦੱਸਿਆ ਕਿ ਅਪਰੈਲ 2023 ਤੱਕ 74.31 ਲੱਖ ਰੁਪਏ ਦੀ ਬਕਾਇਆ ਆਮਦਨ ਰਾਸ਼ੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਪ੍ਰਵਾਨਿਤ 9.20 ਕਰੋੜ ਦੇ ਬਜਟ ਵਿੱਚ ਵਿਕਾਸ ਕਾਰਜਾਂ ’ਤੇ 3.55 ਕਰੋੜ ਰੁਪਏ ਖਰਚੇ ਜਾਣਗੇ। ਜਿਸ ਵਿੱਚ ਨਵੀਆਂ ਗਲੀਆਂ-ਨਾਲੀਆਂ ਦੀ ਉਸਾਰੀ ਤੇ ਪੁਰਾਣੀਆਂ ਦੀ ਮੁਰਮੰਤ, ਸੀਵਰੇਜ, ਸਟਰੀਟ ਲਾਈਟਾਂ, ਸ਼ਹਿਰ ਦੀ ਸਫਾਈ, ਸੀ.ਸੀ ਫਲੋਰਿੰਗ, ਪਾਰਕਾਂ ਦੇ ਰੱਖ ਰਖਾਅ ਦੇ ਕੰਮ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਸਫ਼ਾਈ ਅਮਲੇ ’ਤੇ ਖ਼ਰਚ ਲਈ 5.29 ਕਰੋੜ 70 ਹਜ਼ਾਰ, ਅਚਨਚੇਤ ਖ਼ਰਚੇ ਲਈ 35.50 ਲੱਖ ਰੁਪਏ ਰਾਖਵੇਂ ਰੱਖੇ ਹਨ। ਉਨ੍ਹਾਂ ਦੱਸਿਆ ਕਿ ਬਜਟ ਵਿੱਚ ਪ੍ਰਾਪਰਟੀ ਟੈਕਸ ਤੋਂ 85 ਲੱਖ, ਵਾਟਰ ਸਪਲਾਈ ਤੇ ਸੀਵਰੇਜ ਤੋਂ 27 ਲੱਖ, ਕਿਰਾਇਆ ਤੇ ਤਹਿਬਜ਼ਾਰੀ ਤੋਂ 1.25 ਲੱਖ, ਐਕਸਾਈਜ਼ ਡਿਊਟੀ ਤੋਂ 1.25 ਕਰੋੜ, ਬਿਲਡਿੰਗ ਐਪਲੀਕੇਸ਼ਨ ਫ਼ੀਸ ਤੋਂ 65 ਲੱਖ, ਬਿਜਲੀ ਤੇ ਚੂੰਗੀ ਤੋਂ 70 ਲੱਖ, ਲਾਇਸੈਂਸ ਫ਼ੀਸ ਤੋਂ 6 ਲੱਖ, ਫਾਇਰ ਸੈੱਸ ਤੋਂ 5 ਲੱਖ, ਇਸ਼ਤਿਹਾਰੀ ਕਰ ਤੋਂ 5 ਲੱਖ ਤੇ ਫੁਟਕਲ ਆਮਦਨ ਤੋਂ 31 ਲੱਖ ਰੁਪਏ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਵਿਧਾਇਕ ਕਰਮਬੀਰ ਘੁੰਮਣ ਨੇ ਕਿਹਾ ਕਿ ਸ਼ਹਿਰ ਦੇ 15 ਵਾਰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ