ਐੱਨਪੀ ਧਵਨ
ਪਠਾਨਕੋਟ, 3 ਜੂਨ
ਲੌਕਡਾਊਨ ਵਿੱਚ ਛੋਟਾਂ ਮਿਲਣ ਮਗਰੋਂ ਜ਼ਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣੀ ਸ਼ੁਰੂ ਹੋ ਗਈ ਹੈ। ਅੱਜ 7 ਲੋਕਾਂ ਦੀ ਪਾਜ਼ੇਟਿਵ ਰਿਪੋਰਟ ਆਊਣ ਕਾਰਨ ਜ਼ਿਲ੍ਹੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 33 ਹੋ ਗਈ ਹੈ। ਐਸਐਮਓ ਡਾ. ਭੁਪਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਜ 107 ਲੋਕਾਂ ਦੀ ਰਿਪੋਰਟ ਆਈ ਹੈ ਜਿਸ ਵਿੱਚੋਂ 7 ਪਾਜ਼ੇਟਿਵ ਹਨ ਜਦ ਕਿ 100 ਦੀ ਰਿਪੋਰਟ ਨੈਗੇਟਿਵ ਹੈ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਅੱਜ ਜਿਹੜੇ 7 ਲੋਕਾਂ ਦੀ ਪਾਜ਼ੇਟਿਵ ਹੋਣ ਦੀ ਰਿਪੋਰਟ ਪ੍ਰਾਪਤ ਹੋਈ ਹੈ। ਉਨ੍ਹਾਂ ਵਿੱਚ 4 ਲੋਕ ਪਿਛਲੇ ਦਿਨੀਂ ਮੀਰਪੁਰ ਕਲੋਨੀ ਨਿਵਾਸੀ ਜੋ ਵਿਅਕਤੀ ਕਰੋਨਾ ਪਾਜ਼ੇਟਿਵ ਆਇਆ ਸੀ ਤੇ ਉਸ ਦੀ ਮੌਤ ਹੋ ਗਈ ਸੀ, ਦੇ ਸੰਪਰਕ ਵਿੱਚੋਂ ਹਨ। ਜਦ ਕਿ ਦੋ ਵਿਅਕਤੀ ਜੋ ਏਅਰਪੋਰਟ ਤੇ ਘਰੇਲੂ ਉਡਾਨ ਰਾਹੀਂ ਪਹੁੰਚੇ ਸਨ, ਉਹ ਦੋਨੋਂ ਵਿਅਕਤੀ ਕਰੋਨਾ ਪਾਜ਼ੇਟਿਵ ਹਨ ਅਤੇ ਇੱਕ ਸੈਂਪਲ ਪ੍ਰਾਈਵੇਟ ਹਸਪਤਾਲ ਵੱਲੋਂ ਭੇਜਿਆ ਗਿਆ ਸੀ ਜੋ ਕਰੋਨਾ ਪਾਜ਼ੇਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ੇਟਿਵ ਲੋਕਾਂ ਦਾ ਇਲਾਜ ਆਈਸੋਲੇਸ਼ਨ ਹਸਪਤਾਲ ਚਿੰਤਪੁਰਨੀ ਮੈਡੀਕਲ ਕਾਲਜ ਬਧਾਨੀ ਵਿੱਚ ਕੀਤਾ ਜਾ ਰਿਹਾ ਹੈ।
ਸਰਵੇ ਕਰ ਰਹੀ ਟੀਮ ਦੇ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮੀਰਪੁਰ ਕਲੌਨੀ ਵਾਸੀ ਕਰੋਨਾ ਪਾਜ਼ੇਟਿਵ ਮ੍ਰਿਤਕ ਦੇ ਮੁਹੱਲੇ ਵਿੱਚ ਸਰਵੇ ਲਗਾਤਾਰ ਕੀਤਾ ਜਾ ਰਿਹਾ ਅਤੇ ਸੈਂਪਲ ਵੀ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਚੈਨ ਨੂੰ ਤੋੜਨ ਲਈ ਮ੍ਰਿਤਕ ਦੇ ਸੰਪਰਕ ਵਿੱਚ ਆਉਣ ਵਾਲੇ 4 ਵਿਅਕਤੀਆਂ ਕਰੋਨਾ ਪਾਜ਼ੇਟਿਵ ਆਉਣ ਬਾਅਦ ਅੱਜ ਮੁੜ ਮੀਰਪੁਰ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਦੇ ਰਿਕਾਰਡ ਨੂੰ ਖੰਗਾਲਿਆ ਗਿਆ ਅਤੇ ਮ੍ਰਿਤਕ ਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਘਰ ਦੇ 6 ਮੈਂਬਰਾਂ ਨੂੰ ਘਰ ਵਿੱਚ ਹੀ 14 ਦਿਨ ਲਈ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੀਰਪੁਰ ਕਲੋਨੀ ਵਿੱਚ 32 ਘਰਾਂ ਦਾ ਸਰਵੇ ਕੀਤਾ ਗਿਆ ਅਤੇ ਉਨ੍ਹਾਂ ਵਿੱਚ ਰਹਿਣ ਵਾਲੇ 162 ਮੈਂਬਰਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਗਈ।
ਅੰਮ੍ਰਿਤਸਰ (ਟਨਸ): ਸ਼ਹਿਰ ਵਿਚ ਅੱਜ ਵੀ ਦੋ ਨਵੇਂ ਕਰੋਨਾ ਪਾਜੀਟਿਵ ਮਰੀਜ਼ ਸਾਹਮਣੇ ਆਏ ਹਨ ਜਿਸ ਨਾਲ ਜ਼ਿਲ੍ਹੇ ਵਿਚ ਕੁੱਲ ਕਰੋਨਾ ਪਾਜੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 405 ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ ਦੋ ਨਵੇਂ ਕਰੋਨਾ ਪਾਜੀਟਿਵ ਮਰੀਜ਼ਾਂ ’ਚੋਂ ਇਕ ਭਾਰਤ ਨਗਰ ਇਲਾਕੇ ਦਾ ਵਾਸੀ ਹੈ ਜਦੋਂਕਿ ਦੂਜਾ ਅਨੰਦ ਅੇਵੀਨਿਊ ਨੇੜੇ ਹਾਊਸਿੰਗ ਬੋਰਡ ਕਲੋਨੀ ਨਾਲ ਸਬੰਧਤ ਹੈ। ਇਨ੍ਹਾਂ ਵਿਚੋਂ ਭਾਰਤ ਨਗਰ ਇਲਾਕੇ ਦੇ ਵਾਸੀ ਦਾ ਕਿਸੇ ਯਾਤਰਾ ਜਾਂ ਪਾਜ਼ੇਟਿਵ ਮਰੀਜ਼ ਨਾਲ ਕੋਈ ਵਾਸਤਾ ਨਹੀਂ ਹੈ ਜਦੋਂਕਿ ਦੂਜਾ ਪਾਜ਼ੇਟਿਵ ਮਰੀਜ਼ ਜੋੜਾ ਪਿੱਪਲ ਇਲਾਕੇ ਨਾਲ ਸਬੰਧਤ ਕਰੋਨਾ ਮਰੀਜ਼ ਦੇ ਸੰਪਰਕ ਵਿਚ ਆਉਣ ਮਗਰੋਂ ਕਰੋਨਾ ਦੀ ਚਪੇਟ ਵਿਚ ਆਇਆ ਹੈ।
ਜੇਲ੍ਹ ’ਚੋਂ ਰਿਹਾਅ ਹੋ ਕੇ ਆਏ ਨੌਜਵਾਨ ਸਮੇਤ ਤਿੰਨ ਦੇ ਸੈਂਪਲ ਲਏ
ਫਗਵਾੜਾ (ਪੱਤਰ ਪੇ੍ਰਕ): ਲੁਧਿਆਣਾ ਦੀ ਜੇਲ੍ਹ ’ਚੋਂ ਰਿਹਾਅ ਹੋ ਕੇ ਇੱਥੋਂ ਦੇ ਮੁਹੱਲਾ ਨਿਊ ਮਨਸਾ ਦੇਵੀ ਦੇ ਇੱਕ ਇੱਕ ਨੌਜਵਾਨ ਸਮੇਤ ਉਸ ਦੇ ਤਿੰਨ ਪਰਿਵਾਰਿਕ ਮੈਂਬਰਾਂ ਦੇ ਅੱਜ ਸਿਹਤ ਵਿਭਾਗ ਵੱਲੋਂ ਕਰੋਨਾ ਦੇ ਸੈਂਪਲ ਲਏ ਗਏ ਹਨ ਤੇ ਉਨ੍ਹਾਂ ਨੂੰ ਹੋਮ ਕੋਰੰਨਟਾਈਨ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਗੁਰਦਾਸਪੁਰ ਦੋ ਹੋਰ ਕੇਸ
ਗੁਰਦਾਸਪੁਰ (ਜਤਿੰਦਰ ਬੈਂਸ): ਗੁੜਗਾਂਵ ਤੋਂ ਪਰਤੇ ਦੀਨਾਨਗਰ ਇਲਾਕੇ ਦੇ ਪਿੰਡ ਦੋਆਬਾ ਅਤੇ ਕਵੈਤ ਤੋਂ ਪਰਤੇ ਬਟਾਲਾ ਦੇ ਪਿੰਡ ਆਲੇਨੰਗਲ ਵਾਸੀ ਦੋ ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਜਦਕਿ ਬੀਤੇ ਕੱਲ ਕਰੋਨਾ ਪਾਜ਼ੇਟਿਵ ਆਏ ਗੁਰਦਾਸਪੁਰ ਦੇ ਕੱਪੜਾ ਵਪਾਰੀ ਦੇ ਸੰਪਰਕ ਵਿੱਚ ਆਉਣ ਵਾਲੇ ਬਾਹਰੀ ਸੂਬਿਆਂ ਨਾਲ ਸਬੰਧਤ 243 ਵਿਅਕਤੀਆਂ ਦੇ ਕਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲ੍ਹਾ ਗੁਰਦਾਸਪੁਰ ਅੰਦਰ ਮੌਜੂਦਾ ਸਮੇਂ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 8 ਹੋ ਗਈ ਹੈ।
ਹੁਸ਼ਿਆਰਪੁਰ ’ਚ ਅੱਜ 3 ਹੋਰ ਕੇਸਾਂ ਦੀ ਪੁਸ਼ਟੀ
ਹੁਸ਼ਿਆਰਪੁਰ (ਪੱਤਰ ਪੇ੍ਰਕ): ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬੁੱਧਵਾਰ ਨੂੰ ਤਿੰਨ ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਤੱਕ ਜ਼ਿਲ੍ਹੇ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 134 ਹੋ ਗਈ ਹੈ। ਅੱਜ ਪਾਜ਼ੇਟਿਵ ਆਏ ਤਿੰਨੋ ਮਰੀਜ਼ ਪਿੰਡ ਨੰਗਲੀ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਹੁਣ ਤੱਕ 3022 ਸ਼ੱਕੀ ਵਿਅਕਤੀਆਂ ਦੇ ਨਮੂਨੇ ਲਏ ਗਏ ਜਿਨ੍ਹਾਂ ਵਿੱਚੋਂ 2438 ਨੈਗੇਟਿਵ ਅਤੇ 134 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚੋਂ 5 ਦੀ ਮੌਤ ਹੋ ਚੁੱਕੀ ਹੈ ਜਦੋਂਕਿ 108 ਵਿਅਕਤੀ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਜਲੰਧਰ ’ਚ ਕਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ
ਜਲੰਧਰ (ਨਿੱਜੀ ਪੱਤਰ ਪੇ੍ਰਕ): ਜਲੰਧਰ ਦੇ ਟੈਗੋਰ ਨਗਰ ਦੇ ਵਸਨੀਕ 65 ਸਾਲਾ ਬਜ਼ੁਰਗ ਦੀ ਕਰੋਨਾ ਵਾਇਰਸ ਨਾਲ ਮੌਤ ਹੋ ਗਈ। ਦੋ ਦਿਨ ਪਹਿਲਾਂ ਹੀ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਉਹ ਪਹਿਲਾਂ ਇੱਥੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਸੀ ਤੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਸੀ। ਉਸ ਦੀ ਸਿਹਤ ਜ਼ਿਆਦਾ ਵਿਗੜਨ ਕਰਕੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਸੀ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਜਲੰਧਰ ਵਿਚ ਕਰੋਨਾ ਪਾਜ਼ੇਟਿਵ ਮਰੀਜ਼ ਦੀ ਇਹ ਨੌਵੀਂ ਮੌਤ ਹੈ। ਜ਼ਿਲ੍ਹੇ ਵਿਚ ਹੁਣ ਤੱਕ 266 ਮਰੀਜ਼ ਪਾਜ਼ੇਟਿਵ ਆਏ ਹਨ। ਅੱਜ 242 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ। ਜ਼ਿਲ੍ਹੇ ਵਿਚ 31 ਮਰੀਜ਼ ਜਲੰਧਰ ਸਿਵਲ ਹਸਪਤਾਲ ਤੇ ਸ਼ਾਹਕੋਟ ਵਿਚ ਦਾਖ਼ਲ ਹਨ।