ਕਰੋਨਾ ਨੇ 26 ਮਰੀਜ਼ਾਂ ਦੀ ਜਾਨ ਲਈ

ਕਰੋਨਾ ਨੇ 26 ਮਰੀਜ਼ਾਂ ਦੀ ਜਾਨ ਲਈ

ਅੰਮ੍ਰਿਤਸਰ ਵਿੱਚ ਸੋਮਵਾਰ ਨੂੰ ਸਿਵਲ ਹਸਪਤਾਲ ਦੇ ਬਾਹਰ ਕੋਵਿਡ- 19 ਟੈਸਟ ਕਰਵਾਉਣ ਲਈ ਪੁੱਜੇ ਲੋਕਾਂ ਦੀ ਭੀੜ। -ਫੋਟੋ: ਵਿਸ਼ਾਲ ਕੁਮਾਰ

ਪਾਲ ਸਿੰਘ ਨੌਲੀ

ਜਲੰਧਰ, 22 ਸਤੰਬਰ

ਕਰੋਨਾ ਨਾਲ ਅੱਜ ਜ਼ਿਲ੍ਹੇ ਵਿੱਚ 11 ਜਣਿਆਂ ਦੀ ਮੌਤ ਹੋ ਗਈ ਜਦਕਿ 80 ਨਵੇਂ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਜ ਜ਼ਿਲ੍ਹੇ ਦੀਆਂ ਰਿਪੋਰਟਾਂ ਮੁਤਾਬਕ ਕੁੱਲ 80 ਵਿਅਕਤੀ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ਵਿੱਚ 68 ਮਰੀਜ਼ ਜਲੰਧਰ ਜਦਕਿ 12 ਮਰੀਜ਼ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਹੁਣ ਤੱਕ ਜ਼ਿਲ੍ਹੇ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 11,630 ਹੋ ਗਈ ਹੈ ਜਦਕਿ ਕੁੱਲ ਮੌਤਾਂ ਦਾ ਅੰਕੜਾ 334 ’ਤੇ ਪੁੱਜ ਗਿਆ ਹੈ।   

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਕਰੋਨਾ ਮਹਾਂਮਾਰੀ ਕਾਰਨ ਅੱਜ ਜ਼ਿਲ੍ਹੇ ਵਿੱਚ 266 ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦਕਿ 9 ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਅੱਜ ਕਰੋਨਾ ਕਾਰਨ 43 ਸਾਲਾਂ ਸਰਬਜੀਤ ਕੌਰ ਵਾਸੀ ਪਿੰਡ ਗੁਰੂਵਾਲੀ, 47 ਸਾਲਾਂ ਮਨਜੀਤ ਕੌਰ ਵਾਸੀ ਪਿੰਡ ਚੱਠਾ, 64 ਸਾਲਾਂ ਰਾਜੀਵ ਵਾਸੀ ਕਰਤਾਰ ਨਗਰ ਛੇਹਰਟਾ, 70 ਸਾਲਾਂ ਕ੍ਰਿਸ਼ਨ ਕੁਮਾਰ ਵਾਸੀ ਤਹਿਸੀਲ ਪੁਰਾ, 35 ਸਾਲਾਂ ਸੀਮਾ ਵਾਸੀ ਹਰਿਪੁਰਾ, 67 ਸਾਲਾਂ ਜੋਗਿੰਦਰ ਕੌਰ ਵਾਸੀ ਐੱਸਏ ਐਨਕਲੇਵ, 55 ਸਾਲਾਂ ਬਸੰਤ ਦੇਵੀ ਵਾਸੀ ਗੁਰੂ ਨਾਨਕ ਪੁਰਾ, 77 ਸਾਲਾਂ ਅਮਰੀਕ ਸਿੰਘ ਵਾਸੀ ਪਿੰਡ ਡੱਲਾ ਅਤੇ 102 ਸਾਲਾਂ ਜੋਗਿੰਦਰ ਕੌਰ ਸ਼ਾਮਲ ਹਨ।

ਗੁਰਦਾਸਪੁਰ (ਜਤਿੰਦਰ ਬੈਂਸ): ਗੁਰਦਾਸਪੁਰ ਵਿੱਚ ਅੱਜ ਕਰੋਨਾਵਾਇਰਸ ਕਾਰਨ ਪੰਜ ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ ਜਦਕਿ 94 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ।  

ਫਗਵਾੜਾ (ਜਸਬੀਰ ਸਿੰਘ ਚਾਨਾ): ਫਗਵਾੜਾ ’ਚ ਕਰੋਨਾ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ। ਐੱਸਐੱਮਓ ਡਾ. ਕਮਲ ਕਿਸ਼ੋਰ ਨੇ ਕਿਹਾ ਕਿ ਅੱਜ ਵਿਭਾਗ ਵੱਲੋਂ 239 ਨਵੇਂ ਸੈਂਪਲ ਲਏ ਗਏ ਹਨ ਜਦਕਿ 180 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। 

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਅੱਜ 97 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਦਕਿ ਇੱਕ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ 46 ਕੇਸ ਹੁਸ਼ਿਆਰਪੁਰ ਸ਼ਹਿਰ ਅਤੇ ਬਾਕੀ ਵੱਖ-ਵੱਖ ਸਿਹਤ ਸੰਸਥਾਵਾਂ ਨਾਲ ਸਬੰਧਤ ਹਨ। ਮ੍ਰਿਤਕ ਦਾ ਸਬੰਧ ਪਿੰਡ ਰੰਧਾਵਾ ਨਾਲ ਸੀ।

ਬਿਨਾਂ ਹਥਿਆਰ ਕਰੋਨਾ ਨਾਲ ਜੰਗ!

ਪਠਾਨਕੋਟ (ਐੱਨ ਪੀ ਧਵਨ): ਬੱਸ ਸਟੈਂਡ ’ਤੇ ਆਉਣ ਵਾਲੇ ਯਾਤਰੀਆਂ ਦਾ ਤਾਪਮਾਨ ਚੈੱਕ ਕਰਨ ਅਤੇ ਉਨ੍ਹਾਂ ਦਾ ਡਾਟਾ ਇਕੱਤਰ ਕਰਨ ਲਈ ਪ੍ਰਸ਼ਾਸਨ ਵੱਲੋਂ ਸਰਕਾਰੀ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ ਪਰ ਅਧਿਆਪਕਾਂ ਨੂੰ ਕੋਈ ਸਾਮਾਨ ਮੁਹੱਈਆ ਨਾ ਕਰਵਾਉਣ ਕਾਰਨ ਉੱਥੇ ਯਾਤਰੀਆਂ ਦਾ ਨਾ ਤਾਂ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਯਾਤਰੀਆਂ ਦਾ ਕੋਈ ਡਾਟਾ ਨੋਟ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਰਕਾਰੀ ਅਧਿਆਪਕਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਾਮਾਨ ਉਪਲਬਧ ਨਹੀਂ ਕਰਵਾਇਆ ਗਿਆ ਹੈ ਜਿਸ ’ਤੇ ਉਹ ਆਉਣ-ਜਾਣ ਵਾਲੇ ਯਾਤਰੀਆਂ ਦਾ ਡਾਟਾ ਇਕੱਤਰ ਕਰ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੋਬਾਈਲ ਤੇ ਡਿਊਟੀ ਸਬੰਧੀ ਮੈਸੇਜ ਆ ਜਾਂਦਾ ਹੈ ਜਿਸ ਦਾ ਉਹ ਪਾਲਣ ਕਰਦੇ ਹਨ ਪਰ ਸਾਮਾਨ ਨਾ ਹੋਣ ਕਾਰਨ ਉਹ ਕੁਝ ਵੀ ਕਰ ਪਾਉਣ ਵਿੱਚ ਅਸਮਰੱਥ ਹਨ। ਉਨ੍ਹਾਂ ਦੱਸਿਆ ਕਿ ਅਜੇ ਤੱਕ ਨਾ ਤਾਂ ਉਨ੍ਹਾਂ ਨੂੰ ਸੈਨੇਟਾਈਜ਼ਰ ਅਤੇ ਮਾਸਕ ਦਿੱਤੇ ਗਏ ਹਨ ਜਿਸ ਨੂੰ ਉਹ ਜਨਤਾ ਦੀ ਸੁਰੱਖਿਆ ਲਈ ਇਸਤੇਮਾਲ ਕਰ ਸਕਣ। ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਉਹ ਛੇਤੀ ਹੀ ਇਸ ਬਾਰੇ ਪਤਾ ਕਰਵਾਉਣਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All