ਕਰੋਨਾ: ਜਲੰਧਰ ’ਚ 10 ਪਠਾਨਕੋਟ ’ਚ 8 ਨਵੇਂ ਕੇਸ

ਪਠਾਨਕੋਟ ਵਿੱਚ ਐਕਟਿਵ ਕੇਸਾਂ ਦੀ ਗਿਣਤੀ 32 ਹੋਈ; ਹੁਸ਼ਿਆਰਪੁਰ ’ਚ ਇੱਕ ਕੈਦੀ ਸਮੇਤ ਦੋ ਮਰੀਜ਼ਾਂ ਦੀ ਪੁਸ਼ਟੀ

ਕਰੋਨਾ: ਜਲੰਧਰ ’ਚ 10 ਪਠਾਨਕੋਟ ’ਚ 8 ਨਵੇਂ ਕੇਸ

ਹੁਸ਼ਿਆਰਪੁਰ ਦੇ ਟਾਂਡਾ ਬਲਾਕ ਦੇ ਪਿੰਡ ਨੰਗਲੀ ਜਲਾਲਪੁਰ ਵਿੱਚ ਮੰਗਲਵਾਰ ਨੂੰ ਕਰੋਨਾ ਦੇ ਸੈਂਪਲ ਲੈਂਦੀ ਹੋੲੀ ਸਿਹਤ ਵਿਭਾਗ ਦੀ ਟੀਮ। -ਫੋਟੋ: ਮਲਕੀਅਤ ਸਿੰਘ

ਪਾਲ ਸਿੰਘ ਨੌਲੀ

ਜਲੰਧਰ, 2 ਜੂਨ

ਸ਼ਹਿਰ ਵਿੱਚ 10 ਜਣਿਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਸ ਦੀ ਪੁਸ਼ਟੀ ਨੋਡਲ ਅਫਸਰ ਡਾ. ਟੀਪੀ ਸਿੰਘ ਸੰਧੂ ਨੇ ਕੀਤੀ ਹੈ। ਅੱਜ ਆਈਆਂ ਪਾਜ਼ੇਟਿਵ ਰਿਪੋਰਟਾਂ ਵਿੱਚ 7 ਜਣੇ ਇਕੋ ਪਰਿਵਾਰ ਦੇ ਮੈਂਬਰ ਹਨ। ਇਹ ਪਰਿਵਾਰ ਡਿਫੈਂਸ ਕਲੋਨੀ ਵਿੱਚ ਰਹਿੰਦਾ ਹੈ। ਜਲੰਧਰ ਵਿਚ ਕਰੋਨਾਵਾਇਰਸ ਦੇ ਪੀੜਤਾਂ ਦੀ ਗਿਣਤੀ 263 ਹੋ ਗਈ ਹੈ।

ਜ਼ਿਕਰਯੋਗ ਹੈ ਕਿ ਪਾਜ਼ੇਟਿਵ ਆਏ ਪਰਿਵਾਰ ਦੇ ਮੁਖੀ ਨਕੋਦਰ ਰੋਡ ’ਤੇ ਸੈਨੇਟਰੀ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਨਾਲ ਕੰਮ ਕਰਦੇ ਤਿੰਨ ਕਰਿੰਦੇ ਵੀ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿੱਚ ਦੋ ਕਰਿੰਦੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਅੱਜ ਜਿਹੜਾ ਕਾਰੋਬਾਰੀ ਪਾਜ਼ੇਟਿਵ ਆਇਆ ਹੈ ਉਹ ਹਫ਼ਤਾ ਕੁ ਪਹਿਲਾਂ ਪਾਜ਼ੇਟਿਵ ਆਏ ਇੱਕ ਸੇਲਜ਼ਮੈਨ ਦੇ ਸੰਪਰਕ ਵਿੱਚ ਆ ਗਿਆ ਸੀ ਜਿਹੜਾ ਕਿ ਲਾਜਪਤ ਨਗਰ ਦਾ ਰਹਿਣ ਵਾਲਾ ਹੈ।

ਪਠਾਨਕੋਟ (ਐੱਨਪੀ ਧਵਨ): ਜ਼ਿਲ੍ਹਾ ਪਠਾਨਕੋਟ ਵਿੱਚ ਕਰੋਨਾ ਦੇ 8 ਨਵੇਂ ਕੇਸ ਆਊਣ ਨਾਲ ਸ਼ਹਿਰ ਅੰਦਰ ਸਹਿਮ ਦਾ ਵਾਤਾਵਰਣ ਪੈਦਾ ਹੋ ਗਿਆ ਹੈ। ਇਸੇ ਦੇ ਨਾਲ ਹੀ ਸ਼ਹਿਰ ਦਾ ਇਕ ਵਿਅਕਤੀ ਜੋ ਅੰਮ੍ਰਿਤਸਰ ਵਿੱਚ ਕਰੋਨਾ ਕਰਦੇ ਜ਼ੇਰੇ ਇਲਾਜ ਸੀ, ਦੀ ਮੌਤ ਹੋ ਗਈ। ਇਸ ਤਰ੍ਹਾਂ ਨਾਲ ਕਰੋਨਾ ਨੂੰ ਲੈ ਕੇ ਜ਼ਿਲ੍ਹੇ ਅੰਦਰ ਹੁਣ ਤੱਕ ਇਹ ਚੌਥੀ ਮੌਤ ਹੈ। ਜ਼ਿਲ੍ਹੇ ਅੰਦਰ 8 ਨਵੇਂ ਮਾਮਲੇ ਆਊਣ ਨਾਲ ਐਕਟਿਵ ਕੇਸਾਂ ਦੀ ਗਿਣਤੀ 32 ਪੁੱਜ ਗਈ ਹੈ। ਅੱਜ ਜੋ 8 ਲੋਕਾਂ ਦੀ ਰਿਪੋਰਟ ਆਈ ਹੈ ਉਸ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਨਵੇਂ ਕੋਰੋਨਾ ਪਾਜ਼ੇਟਿਵ ਕੇਸਾਂ ਵਿੱਚੋਂ ਦੋ ਮੁਹੱਲਾ ਓਹਰੀਆਂ ਨਾਲ ਸਬੰਧਤ ਹਨ ਜਦ ਕਿ ਦੋ ਅੰਦਰੂਨ ਬਜਾਰ ਦੇ ਇੱਕੋ ਪਰਿਵਾਰ ਦੇ ਮੈਂਬਰ ਹਨ, ਇਕ ਛੋਟਾ ਦੌਲਤਪੁਰ, ਇਕ ਪਿੰਡ ਸ਼ਾਦੀਪੁਰ, ਇੱਕ ਮੀਰਪੁਰ ਕਲੋਨੀ ਅਤੇ ਇਕ ਵਿਦੇਸ਼ ਤੋਂ ਆਇਆ ਨੌਜਵਾਨ ਹੈ। ਐਸਐਮਓ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਕੁੱਲ 59 ਸੈਂਪਲ ਭੇਜੇ ਗਏ ਸਨ ਜਿਨ੍ਹਾਂ ਵਿਚੋਂ 7 ਸੈਂਪਲ ਪਾਜ਼ੇਟਿਵ ਆਏ ਹਨ ਜਦ ਕਿ ਇਕ ਹੋਰ ਪਾਜ਼ੇਟਿਵ ਆਇਆ ਹੈ ਜਦ ਕਿ 52 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੋਨਾ ਪਾਜ਼ੇਟਿਵ ਮਰੀਜ਼ ਦੀ ਗਿੱਲ ਕਲੌਨੀ ਅੰਦਰ 16 ਘਰਾਂ ਦਾ ਸਰਵੇ ਕੀਤਾ ਗਿਆ ਹੈ ਜਿਸ ਵਿੱਚ 93 ਲੋਕਾਂ ਦੀ ਜਾਂਚ ਕੀਤੀ ਗਈ ਅਤੇ ਪੀੜਤ ਦੇ 8 ਪਰਿਵਾਰਕ ਮੈਂਬਰਾਂ ਨੂੰ ਘਰ ਵਿੱਚ ਕੁਆਰੰਟਾਈਨ ਕੀਤਾ ਗਿਆ ਹੈ।

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਜ਼ਿਲ੍ਹਾ ਹੁਸ਼ਿਆਰਪੁਰ ’ਚ ਮੰਗਲਵਾਰ ਨੂੰ ਜਿਹੜੇ ਦੋ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ’ਚ ਇੱਕ ਲੁਧਿਆਣਾ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਆਇਆ 44 ਸਾਲਾ ਕੈਦੀ ਹੈ। ਦੂਜੇ ਜ਼ਿਲ੍ਹੇ ’ਚੋਂ ਆਉਣ ਕਰਕੇ ਇਸ ਦਾ ਨਮੂਨਾ ਲਿਆ ਗਿਆ ਸੀ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਦੂਜਾ ਮਰੀਜ਼ ਦਸੂਹਾ ਦੇ ਪਿੰਡ ਚੋਹਾਨਾ ਦੀ ਇੱਕ 22 ਸਾਲਾ ਲੜਕੀ ਹੈ ਜੋ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਬਤੌਰ ਨਰਸ ਕੰਮ ਕਰਦੀ ਹੈ। ਉੱਥੇ ਹੀ ਇਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਪਰ ਹੁਣ ਇਹ ਠੀਕ ਹੋ ਕੇ ਆਪਣੇ ਘਰ ਪਰਤ ਚੁੱਕੀ ਹੈ।

ਅੰਮਿ੍ਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜ਼ਿਲ੍ਹੇ ਵਿਚ ਅੱਜ ਦੋ ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਦੋ ਨਵੇਂ ਕਰੋਨਾ ਪਾਜ਼ੇਟਿਵ ਕੇਸਾਂ ਵਿਚੋਂ ਇਕ ਮਰੀਜ਼ ਪਾਸ਼ ਕਲੋਨੀ ਹੋਲੀ ਸਿਟੀ ਅਤੇ ਦੂਜਾ ਸ਼ਹਿਰ ਦੇ ਅੰਦਰੂਨੀ ਜੌੜਾ ਪਿੱਪਲ ਨਾਲ ਸਬੰਧਤ ਹੈ। ਇਨ੍ਹਾਂ ਦੋ ਨਵੇਂ ਮਰੀਜ਼ਾਂ ਦੀ ਆਮਦ ਨਾਲ ਕੁਲ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 403 ਹੋ ਗਈ ਹੈ। ਇਨ੍ਹਾਂ ਵਿਚੋਂ 310 ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦੋਂਕਿ 86 ਮਰੀਜ਼ ਜ਼ੇਰੇ ਇਲਾਜ ਹਨ। ਹੁਣ ਤਕ 7 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਕਰੋਨਾ ਪੀੜਤ ਮਿ੍ਤਕ ਦਾ ਅੰਤਿਮ ਸੰਸਕਾਰ

ਇੰਦਰਾ ਕਲੋਨੀ ਵਾਸੀ ਹਰਸ਼ ਮਹਾਜਨ ਜਿਸ ਦੀ ਬੀਤੀ ਰਾਤ 1.30 ਵਜੇ ਅੰਮ੍ਰਿਤਸਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ, ਦਾ ਅੰਤਿਮ ਸੰਸਕਾਰ ਪਠਾਨਕੋਟ ਸਥਿਤ ਸ਼ਮਸ਼ਾਨਘਾਟ ਵਿੱਚ ਪ੍ਰਸ਼ਾਸਨ ਵੱਲੋਂ ਕਰਵਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਬੇਟਾ ਵੀ ਅੰਮ੍ਰਿਤਸਰ ਵਿੱਚ ਗੰਭੀਰ ਹਾਲਤ ’ਚ ਜ਼ੇਰੇ ਇਲਾਜ ਹੈ। ਅੱਜ ਜੋ 8 ਨਵੇਂ ਪਾਜ਼ੇਟਿਵ ਮਰੀਜ ਆਏ ਹਨ ਉਨ੍ਹਾਂ ਵਿਚੋਂ ਇਕ ਮੀਰਪੁਰ ਕਲੋਨੀ ਵਾਸੀ ਇੰਦਰਪਾਲ ਸਿੰਘ ਜਿਸ ਦੀ ਮੌਤ ਹੋ ਗਈ ਸੀ, ਦਾ ਗੁਆਂਢੀ ਵੀ ਕਰੋਨਾ ਪਾਜ਼ੇਟਿਵ ਨਿਕਲਿਆ ਹੈ।

ਬਾਹਰੋਂ ਆਏ ਵਿਅਕਤੀ ਦਾ 14 ਦਿਨ ਦਾ ਇਕਾਂਤਵਾਸ ਜ਼ਰੂਰੀ

ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ ਲਈ 14 ਦਿਨਾਂ ਦਾ ਏਕਾਂਤਵਾਸ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਬਾਹਰੋਂ ਆਏ ਵਿਅਕਤੀ ਨੂੰ ਪਹਿਲੇ 7 ਦਿਨ ਉਸ ਦੀ ਮਰਜ਼ੀ ਮੁਤਾਬਕ ਹੋਟਲ ਵਿੱਚ ਜਾਂ ਸਰਕਾਰੀ ਕੇਂਦਰ ਵਿਖੇ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ 5ਵੇਂ ਦਿਨ ਟੈਸਟਿੰਗ ਰਿਪੋਰਟ ਨੈਗੇਟਿਵ ਆਉਣ ਉਪਰੰਤ ਅਗਲੇ 7 ਦਿਨ ਆਪਣੇ ਘਰ ਵਿੱਚ ਹੀ ਏਕਾਂਤਵਾਸ ਰਹਿਣਾ ਪਵੇਗਾ।

ਗੁਰਦਾਸਪੁਰ ਦਾ ਕੱਪੜਾ ਵਪਾਰੀ ਕਰੋਨਾ ਪਾਜ਼ੇਟਿਵ

ਗੁਰਦਾਸਪੁਰ (ਜਤਿੰਦਰ ਬੈਂਸ): ਗੁਰਦਾਸਪੁਰ ਸ਼ਹਿਰ ਕਰੋਨਾ ਦੀ ਲਪੇਟ ਵਿੱਚ ਆ ਗਿਆ ਹੈ। ਸ਼ਹਿਰ ਦਾ ਇੱਕ ਕੱਪੜਾ ਵਪਾਰੀ ਕਰੋਨਾ ਪਾਜ਼ੇਟਿਵ ਨਿਕਲਿਆ ਹੈ। ਦੱਸਿਆ ਜਾ ਰਿਹੈ ਕਿ ਉਸ ਦੇ ਦੋ ਸਕੂਲ ਵੀ ਹਨ। ਸੂਚਨਾ ਮਿਲਣ ਤੇ ਪੁਲੀਸ ਨੇ ਸ਼ਹਿਰ ਦੇ ਰੇਲਵੇ ਰੋਡ ਨੇੜੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਤਹਿਸੀਲਦਾਰ ਗੁਰਦਾਸਪੁਰ ਅਰਵਿੰਦ ਸਲਵਾਨ ਨੇ ਦੱਸਿਆ ਕਿ ਉਸ ਦੇ ਨੇੜਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All