ਤਰਨ ਤਾਰਨ ਦੀ ਦਾਣਾ ਮੰਡੀ ਵਿੱਚ ਮੱਕੀ ਦੇ ਖ਼ਰੀਦਦਾਰਾਂ ਅਤੇ ਆੜ੍ਹਤੀਆਂ ਵਿਚਾਲੇ ਦਾਮੀ (ਕਮਿਸ਼ਨ) ਨੂੰ ਲੈ ਕੇ ਚੱਲ ਰਹੀ ਹੜਤਾਲ ਕਾਰਨ ਖ਼ਰੀਦ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਕਾਰਨ ਜਿਨਸ ਲੈ ਕੇ ਆਏ ਕਿਸਾਨਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀ ਵਿੱਚ ਤਿੰਨ ਦਿਨਾਂ ਤੋਂ ਮੱਕੀ ਦੀ ਖ਼ਰੀਦ ਨਹੀਂ ਹੋ ਸਕੀ ਤੇ ਜਿਹੜੀ ਜਿਨਸ ਪਹਿਲਾਂ ਖ਼ਰੀਦੀ ਵੀ ਗਈ ਸੀ, ਉਸ ਦਾ ਵੀ ਕਿਸਾਨਾਂ ਨੂੰ ਯੋਗ ਮੁੱਲ ਨਹੀਂ ਮਿਲਿਆ।
ਮੰਡੀ ਦੇ ਸੁਪਰਵਾਈਜ਼ਰ ਅਮਰਿੰਦਰ ਸਿੰਘ ਨੇ ਮੰਨਿਆ ਕਿ ਮੰਡੀ ਵਿੱਚ ਚਾਰ ਦਿਨਾਂ ਤੋਂ ਮੱਕੀ ਆ ਰਹੀ ਹੈ, ਪਰ ਤਿੰਨ ਦਿਨਾਂ ਤੋਂ ਖ਼ਰੀਦਦਾਰਾਂ ਅਤੇ ਆੜ੍ਹਤੀਆਂ ਵਿਚਾਲੇ ਚੱਲ ਰਹੇ ਤਕਰਾਰ ਕਾਰਨ ਖ਼ਰੀਦ ਪ੍ਰਕਿਰਿਆ ਰੁਕੀ ਹੋਈ ਹੈ। ਕੰਗ ਪਿੰਡ ਦੇ ਕਿਸਾਨ ਦਿਲਬਾਗ ਸਿੰਘ ਅਤੇ ਦਿਓ ਪਿੰਡ ਦੇ ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਮੱਕੀ ਸੁਕਾ ਕੇ ਲਿਆਏ ਸਨ, ਪਰ ਹੜਤਾਲ ਕਾਰਨ ਉਨ੍ਹਾਂ ਦੀ ਫ਼ਸਲ ਰੁਲ ਰਹੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ 2410 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ, ਪਰ ਮੰਡੀ ਵਿੱਚ ਇਸ ਰੇਟ ’ਤੇ ਇੱਕ ਵੀ ਢੇਰੀ ਨਹੀਂ ਖ਼ਰੀਦੀ ਗਈ। ਮੰਡੀ ਸੁਪਰਵਾਈਜ਼ਰ ਅਨੁਸਾਰ ਹੁਣ ਤੱਕ 1500 ਤੋਂ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੀ ਮੱਕੀ ਖ਼ਰੀਦੀ ਗਈ ਹੈ, ਜਿਸ ਨੂੰ ਕਿਸਾਨਾਂ ਨੇ ਲੁੱਟ ਕਰਾਰ ਦਿੱਤਾ ਹੈ।
ਦੂਜੇ ਪਾਸੇ, ਸੁਪਰਵਾਈਜ਼ਰ ਅਮਰਿੰਦਰ ਸਿੰਘ ਨੇ ਕਿਹਾ ਕਿ ਆੜ੍ਹਤੀਆਂ ਅਤੇ ਖ਼ਰੀਦਦਾਰਾਂ ਦਾ ਮਸਲਾ ਜਲਦੀ ਨਿਬੜਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੰਡੀ ਵਿੱਚ ਸਿੱਲ੍ਹੀ ਮੱਕੀ ਲਿਆ ਰਹੇ ਹਨ ਅਤੇ ਆਉਂਦੇ ਦਿਨਾਂ ਵਿੱਚ ਸੁੱਕੀ ਜਿਨਸ ਆਉਣ ’ਤੇ ਵੱਧ ਮੁੱਲ ਮਿਲੇਗਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਇਸ ਤਕਰਾਰ ਵਿੱਚ ਦੋਵੇਂ ਧਿਰਾਂ ਆਪਣੇ ਹਿੱਤ ਪੂਰ ਰਹੀਆਂ ਹਨ ਤੇ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ।

