ਖਪਤਕਾਰ ਫੋਰਮ ਦੇ ਜੱਜ ਨਵੀਨ ਪੁਰੀ, ਪ੍ਰੇਮ ਸਿੰਘ ਸਵਾਰੀਆ ਤੇ ਹਰਵਿਮਲ ਡੋਗਰਾ ਨੇ ਕੇਸ ਦੀ ਸੁਣਵਾਈ ਕਰਦਿਆਂ ਖੇਤਰ ਦੇ ਪਟਿਆਲ ਭੱਠਾ ਮਾਲਕਾਂ ਨੂੰ ਇੱਟਾਂ ਦਾ ਆਕਾਰ ਛੋਟਾ ਹੋਣ ਕਰਕੇ 1,80,000 ਤੋਂ ਵੱਧ ਦੀ ਰਕਮ ਖਪਤਕਾਰ ਨੂੰ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਦਸ ਹਜ਼ਾਰ ਰੁਪਏ ਕਮਿਸ਼ਨਰ ਦੀ ਫ਼ੀਸ ਜੋ ਚਲਦੇ ਕੇਸ ਦੌਰਾਨ ਖਪਤਕਾਰ ਨੇ ਅਦਾ ਕੀਤੀ ਸੀ ਅਤੇ ਪੰਜ ਹਜ਼ਾਰ ਰੁਪਏ ਹੋਰ ਖਰਚੇ ਵਜੋਂ ਵੀ ਭੱਠੇ ਦੇ ਮਾਲਕ ਨੂੰ ਸਬੰਧਤ ਖਪਤਕਾਰ ਨੂੰ ਅਦਾ ਕਰਨ ਦਾ ਹੁਕਮ ਸੁਣਾਇਆ ਹੈ।
ਇਸ ਬਾਰੇ ਗੱਲ ਕਰਦਿਆਂ ਵਕੀਲ ਸੁਨੀਲ ਪਰਾਸ਼ਰ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਬੀ ਰਾਜੀਵ ਕੁਮਾਰ ਵਾਸੀ ਚੱਬੇਵਾਲ ਨੇ ਪਟਿਆਲ ਦੇ ਭੱਠੇ ਤੋਂ ਵੱਡੀ ਗਿਣਤੀ ਵਿੱਚ ਇੱਟਾਂ ਖਰੀਦੀਆਂ ਸਨ ਪਰ ਭੱਠੇ ਦੀਆਂ ਇੱਟਾਂ ਨਿਯਮਾਂ ਅਨੁਸਾਰ ਚੌੜਾਈ ਅਤੇ ਮੋਟਾਈ ਵਿੱਚ ਛੋਟੀਆਂ ਹਨ ਜਿਸ ਦੇ ਵਿਰੁੱਧ ਸਬੰਧਤ ਖਪਤਕਾਰ ਨੇ ਪਹਿਲਾਂ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਖਪਤਕਾਰ ਫੌਰਮ ਵੱਲੋਂ ਸਾਰੇ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕੀਤੀ ਅਤੇ ਲੋਕਲ ਕਮਿਸ਼ਨਰ ਨਿਯੁਕਤ ਕੀਤਾ ਜਿਸ ਨੇ ਮੌਕੇ ’ਤੇ ਇੱਟਾਂ ਦੇ ਆਕਾਰ ਦੀ ਪੜਤਾਲ ਕੀਤੀ ਅਤੇ ਰਿਪੋਰਟ ਅਦਾਲਤ ਵਿੱਚ ਜਮ੍ਹਾਂ ਕਰਵਾਈ। ਖਪਤਕਾਰ ਅਦਾਲਤ ਵੱਲੋਂ ਅੱਜ ਪਟਿਆਲ ਭੱਠੇ ਦੇ ਮਾਲਕ ਨੂੰ ਹਦਾਇਤ ਕੀਤੀ ਕਿ ਖਪਤਕਾਰ ਨੂੰ 1,82,136 ਰੁਪਏ ਦਾ ਭੁਗਤਾਨ ਕਰੇ ਅਤੇ ਨਾਲ ਹੀ ਲੋਕਲ ਕਮਿਸ਼ਨਰ ਦਾ ਖ਼ਰਚਾ ਦਸ ਹਜ਼ਾਰ ਰੁਪਏ ਦਾ ਵੀ ਭੁਗਤਾਨ ਕਰੇਗਾ ਅਤੇ ਪੰਜ ਹਜ਼ਾਰ ਰੁਪਏ ਹੋਰ ਖਪਤਕਾਰ ਨੂੰ ਦੇਵੇਗਾ। ਕੋਰਟ ਨੇ ਇਹ ਸਾਰੀ ਰਕਮ ਦਾ ਭੁਗਤਾਨ 45 ਦਿਨਾਂ ਦੇ ਅੰਦਰ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਅਜਿਹਾ ਨਾ ਹੋਣ ’ਤੇ ਭੱਠਾ ਮਾਲਕ 6 ਫੀਸਦ ਵਿਆਜ ਨਾਲ ਭੁਗਤਾਨ ਕਰੇਗਾ।

