ਹਤਿੰਦਰ ਮਹਿਤਾ
ਜਲੰਧਰ, 28 ਮਈ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੰਤ ਅਵਤਾਰ ਸਿੰਘ ਦੀ 35 ਬਰਸੀਂ ਮੌਕੇ ਸ਼ਰਧਾਂ ਦੇ ਫੁੱਲ ਭੇਂਟ ਕਰਦਿਆ ਕਿਹਾ ਕਿ ਪੰਜਾਬ ਦੀ ਹੋਂਦ ਨੂੰ ਬਚਾੳਣ ਲਈ ਦਰਿਆਈ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਉਨ੍ਹਾਂ ਕੇਂਦਰੀ ਭੂ-ਜਲ ਬੋਰਡ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ 2039 ਤੱਕ ਧਰਤੀ ਹੇਠਾਂ ਪਾਣੀ 1000 ਫੁੱਟ ਡੂੰਘਾ ਚਲਿਆ ਜਾਵੇਗਾ। ਸੰਧਵਾਂ ਨੇ ਕਿਹਾ ਕਿ ਹੋਰ 10 ਸਾਲਾਂ ਬਾਅਦ ਪੰਜਾਬ ਵਿੱਚ ਪਾਣੀ ਦਾ ਸੰਕਟ ਖੜਾ ਹੋ ਜਾਵੇਗਾ। ਉਨ੍ਹਾਂ ਸਪੱਸ਼ਟ ਕਿਹਾ ਕਿ ਪਾਣੀ ਦੇ ਨਾਲ ਹੀ ਪੰਜਾਬ ਦੀ ਹੋਂਦ ਹੈ।
ਉਨ੍ਹਾਂ ਕਿਹਾ ਕਿ ਜੇ ਪਾਣੀ ਹੀ ਨਾ ਬਚਿਆ ਤਾਂ ਫਿਰ ਪੰਜਾਬ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸੰਧਵਾਂ ਨੇ ਲੁਧਿਆਣੇ ਦੇ ਬੁੱਢੇ ਨਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁਨਫੇ ਦੀ ਹੋੜ ਕਾਰਨ ਸਤਲੁਜ ਦਰਿਆ ਬੁੱਢਾ ਨਾਲਾ ਬਣ ਗਿਆ ਪਰ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਲੀਤ ਹੋ ਚੁੱਕੇ ਦਰਿਆਵਾਂ ਨੂੰ ਨਿਰਮਲ ਬਣਾਉਣ ਦੀ ਮੁਹਿੰਮ ਦੀ ਸ਼ੁਰੂਆਤ ਬੁੱਢੇ ਨਾਲੇ ਨੂੰ ਮੁੜ ਦਰਿਆ ਬਣਾਉਣ ਨਾਲ ਕੀਤੀ ਜਾਵੇਗੀ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਤ ਅਵਤਾਰ ਸਿੰਘ ਨੂੰ ਯਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ ਇਲਾਕੇ ਵਿੱਚ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਕੇ ਇਨਕਲਾਬੀ ਕੰਮ ਕੀਤੇ ਸਨ। ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸ਼ੁਸ਼ੀਲ ਰਿੰਕੂ ਨੇ ਵੀ ਸੰਤ ਅਵਤਾਰ ਸਿੰਘ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਰਿੰਕੂ ਨੇ ਕਿਹਾ ਕਿ ਉਹ ਪੂਰੀ ਸੰਜੀਦਗੀ ਨਾਲ ਸਤਲੁਜ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਮੁੱਦਾ ਲੋਕ ਸਭਾ ਵਿੱਚ ਉਠਾਉਣਗੇ। ਸਿੱਖ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਸੇਵਾ ਦੇ ਕੰਮਾਂ ਨੂੰ ਗੁਰਬਾਣੀ ਦੇ ਹਵਾਲਿਆਂ ਨਾਲ ਸਮਝਾਇਆ।
ਇਸ ਮੌਕੇ ਨਿਰਮਲ ਪੰਚਾਇਤੀ ਅਖਾੜਾ ਕਨਖਲ ਦੇ ਮਹੰਤ ਗਿਆਨ ਦੇਵ ਸਿੰਘ, ਸੰਤ ਅਜੀਤ ਸਿੰਘ ਨੌਲੀਵਾਲੇ, ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਹਰਕ੍ਰਿਸ਼ਨ ਸਿੰਘ ਸੋਢੀ, ਸੰਤ ਤੇਜਾ ਸਿੰਘ ਐੱਮਏ, ਸੰਤ ਗੁਰਮੇਜ ਸਿੰਘ, ਸੰਤ ਬਲਦੇਵ ਕ੍ਰਿਸ਼ਨ ਸਿੰਘ, ਸੰਤ ਗਰਚਰਨ ਸਿੰਘ ਪੰਡਵਾਂ, ਸੰਤ ਬਲਵਿੰਦਰ ਸਿੰਘ ਖਡੂਰ ਸਾਹਿਬ, ਸੰਤ ਸੁਰਜੀਤ ਸਿੰਘ ਹਰਖੋਵਾਲ ਵਾਲੇ,ਜਸਵਿੰਦਰ ਸਿੰਘ ਸ਼ਾਸ਼ਤਰੀ ਸਮੇਤ ਹੋਰ ਬਹੁਤ ਸਾਰੀਆਂ ਦਾਰਮਿਕ ਸਖਸ਼ੀਅਤਾਂ ਹਾਜ਼ਰ ਸਨ। ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ, ‘ਆਪ’ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ, ਸੁਰਜੀਤ ਸਿੰਘ ਸ਼ੰਟੀ, ਸੰਤ ਸੁਖਜੀਤ ਸਿੰਘ ਸੀਚੇਵਾਲ ਸਰਪੰਚ ਜੋਗਾ ਸਿੰਘ. ਸਰਪੰਚ ਤੇਜਿੰਦਰ ਸਿੰਘ ਰਾਗੀ ਸਮੇਤ ਹੋਰ ਰਾਜਨੀਤਿਕ ਤੇ ਸਮਾਜਿਕ ਸਖਸ਼ੀਅਤਾਂ ਹਾਜ਼ਰ ਸਨ। ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਨੇ ਰਸਭਿੰਨਾ ਕੀਰਤਨ ਕੀਤਾ।