ਕਾਂਗਰਸੀ ਵਰਕਰਾਂ ਨੇ ਮੀਂਹ ’ਚ ਕੀਤੀ ਯੂਥ ਪ੍ਰਧਾਨ ਦੀ ਉਡੀਕ
ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਦਾ ਥਾਂ-ਥਾਂ ਸਵਾਗਤ ਕੀਤਾ
ਜਲੰਧਰ ਸ਼ਹਿਰੀ ਯੂਥ ਕਾਂਗਰਸ ਨੇ ਇੱਕ ਵਾਰ ਫਿਰ ਜਥੇਬੰਦਕ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਦਾ ਜਲੰਧਰ ਦੇ ਚਾਰ ਵੱਖ-ਵੱਖ ਸਥਾਨਾਂ ’ਤੇ ਭਰਵਾਂ ਸਵਾਗਤ ਕੀਤਾ। ਲਗਾਤਾਰ ਪੈ ਰਹੇ ਮੀਂਹ ਦੇ ਬਾਵਜੂਦ ਯੂਥ ਕਾਂਗਰਸ ਦੇ ਨੌਜਵਾਨਾਂ ਨੂੰ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਦਾ ਲਗਪਗ ਦੋ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਯੂਥ ਕਾਂਗਰਸ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਨੇ ਕਿਹਾ ਕਿ ਅੱਜ ਯੂਥ ਕਾਂਗਰਸ ਦੇ ਨੌਜਵਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਜਲੰਧਰ ਸ਼ਹਿਰੀ ਯੂਥ ਕਾਂਗਰਸ ਦਾ ਹਰ ਵਰਕਰ ਸੰਗਠਨ ਪ੍ਰਤੀ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰ ਰਿਹਾ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਨੇ ਜਲੰਧਰ ਸ਼ਹਿਰੀ ਯੂਥ ਕਾਂਗਰਸ ਦੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਸ਼ੁਕਰਾਨਾ ਯਾਤਰਾ’ ਤਹਿਤ ਉਹ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ), ਅੰਮ੍ਰਿਤਸਰ ਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋ ਕੇ ਪੰਜਾਬ ਦੀ ਤਰੱਕੀ ਤੇ ਸ਼ਾਂਤੀ ਤੇ ਲਈ ਅਰਦਾਸ ਕਰਨਗੇ। ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਉਪ ਪ੍ਰਧਾਨ ਰਵੀ ਸੈਣੀ ਨੇ ਕਿਹਾ ਕਿ ਜਲੰਧਰ ਵਿੱਚ ਯੂਥ ਕਾਂਗਰਸ ਲਗਾਤਾਰ ਮਜ਼ਬੂਤ ਹੋ ਰਹੀ ਹੈ। ਇਸ ਮੌਕੇ ਰਵੀ ਸੈਣੀ ਉਪ ਪ੍ਰਧਾਨ, ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ, ਪਵਨ ਕੁਮਾਰ ਸੀਨੀਅਰ ਉਪ ਪ੍ਰਧਾਨ, ਧਰਮਿੰਦਰ ਸਿੰਘ ਬਿੰਦਾ, ਭੁਪਿੰਦਰ ਸਿੰਘ ਬਿੰਦਾ, ਜਗਦੀਪ ਸਿੰਘ ਸੋਨੂ ਅਤੇ ਵਿਕਾਸ ਤਲਵਾੜ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਦਾ ਨਿੱਘਾ ਸਵਾਗਤ ਕੀਤਾ।
