ਪਾਵਰਕੌਮ ਦੇ ਅਧਿਕਾਰੀਆਂ ਤੇ ਕਿਸਾਨਾਂ ਦੀ ਚਿੰਤਾ ਵਧੀ

ਪਾਵਰਕੌਮ ਦੇ ਅਧਿਕਾਰੀਆਂ ਤੇ ਕਿਸਾਨਾਂ ਦੀ ਚਿੰਤਾ ਵਧੀ

ਟਰਾਂਸਫਾਰਮਰ ’ਚੋਂ ਤੇਲ ਚੋਰੀ ਕਰਨ ਲਈ ਖੋਲ੍ਹਿਆ ਢੱਕਣ।

ਜਗਜੀਤ ਸਿੰਘ
ਮੁਕੇਰੀਆਂ, 6 ਅਗਸਤ

ਗੜ੍ਹਦੀਵਾਲਾ ਦੇ ਨਾਲ ਲੱਗਦੇ ਦਸੂਹਾ ਤੇ ਟਾਂਡਾ ਖੇਤਰ ਵਿੱਚ ਚੋਰ ਗਰੋਹ ਵਲੋਂ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਦੀਆਂ ਦਰਜਨਾਂ ਵਾਰਦਾਤਾਂ ਨੇ ਕਿਸਾਨਾਂ ਤੇ ਬਿਜਲੀ ਵਿਭਾਗ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬਿਜਲੀ ਵਿਭਾਗ ਅਨੁਸਾਰ ਗੜਦੀਵਾਲਾ, ਦਸੂਹਾ ਤੇ ਟਾਂਡਾ ਅਧੀਨ ਆਉਂਦੇ ਖੇਤਰ ਵਿੱਚ ਕਰੀਬ 7 ਦਰਜਨ ਟਰਾਂਸਫਾਰਮਰਾਂ ਦਾ ਸੈਂਕੜੇ ਲੀਟਰ ਤੇਲ ਚੋਰੀ ਹੋ ਚੁੱਕਾ ਹੈ।

  ਕਿਸਾਨ ਬਲਦੇਵ ਸਿੰਘ, ਕਰਨ ਸਿੰਘ, ਰਵਿੰਦਰਜੀਤ ਸਿੰਘ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਨੇ ਦੱਸਿਆ ਕਿ ਗੜ੍ਹਦੀਵਾਲਾ ਖੇਤਰ ਵਿਚਲੇ ਪਿੰਡ ਕੇਸ਼ੋਪੁਰ, ਬਾਹਟੀਵਾਲ, ਬਰਾਂਡਾ, ਤਲਵੰਡੀ ਜੱਟਾਂ, ਡੱਫਰ, ਭੱਟੀਆਂ, ਅੱਲੜ੍ਹ ਪਿੰਡ, ਧੁੱਗਾ ਕਲਾਂ, ਜੀਆ ਸਹੋਤਾ, ਬਾਹਗਾ, ਦਵਾਖਰੀ, ਗੜ੍ਹਦੀਵਾਲਾ ਰੋਡ ਬਾਹਗਾ ਅਤੇ ਰੰਧਾਵਾ ਗਰਨਾ ਸਾਹਿਬ ਰੋਡ ’ਤੇ ਪੈਂਦੇ ਕਰੀਬ 45 ਟਰਾਂਸਫਾਰਮਰਾਂ ਦਾ ਤੇਲ ਚੋਰੀ ਹੋ ਚੁੱਕਾ ਹੈ। ਟਾਂਡਾ ਤੇ ਦਸੂਹਾ ਖੇਤਰ ਦੇ ਪਿੰਡਾਂ ਵਿੱਚ ਵੀ ਇੰਨੀ ਕੁ ਗਿਣਤੀ ਵਿੱਚ ਟਰਾਂਸਫਰਮਰਾਂ ਦਾ ਤੇਲ ਚੋਰੀ ਹੋ ਚੁੱਕਾ ਹੈ। ਪਾਵਰਕੌਮ ਅਧਿਕਾਰੀਆਂ ਵਲੋਂ ਇਨ੍ਹਾਂ ਲਗਪਗ ਸਾਰੀਆਂ ਹੀ ਵਾਰਦਾਤਾਂ ਬਾਰੇ ਪੁਲੀਸ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰ ਹਾਲੇ ਤੱਕ ਇੱਕ ਵੀ ਵਾਰਦਾਤ ਹੱਲ ਨਹੀਂ ਹੋਈ। 

ਪਾਵਰਕੌਮ ਦੇ ਐਕਸੀਅਨ ਹਰਸ਼ ਸ਼ਰਮਾ ਅਤੇ ਐੱਸਡੀਓ ਗੜਦੀਵਾਲਾ ਠਾਕੁਰ ਕੁਲਦੀਪ ਸਿੰਘ ਨੇ ਕਿਹਾ ਕਿ ਵੱਡੀ ਗਿਣਤੀ ਤੇਲ ਚੋਰੀ ਦੀਆਂ ਵਾਰਦਾਤਾਂ ਕਾਰਨ ਵਿਭਾਗ ਨੂੰ ਟਰਾਂਸਫਾਰਮਰਾਂ ਦੇ ਤੇਲ ਦਾ ਇੰਤਜਾਮ ਕਰਨ ਲਈ ਅੰਮ੍ਰਿਤਸਰ, ਜਲੰਧਰ ਸਮੇਤ ਹੋਰ ਵੱਡੇ ਸ਼ਹਿਰਾਂ ਨਾਲ ਰਾਬਤਾ ਕਰਨਾ ਪੈ ਰਿਹਾ ਹੈ। ਪੈਡੀ ਸੀਜ਼ਨ ਦੇ ਸ਼ੁਰੂ ਤੋਂ ਹੀ ਵਾਪਰ ਰਹੀਆਂ ਤੇਲ ਚੋਰੀ ਦੀਆਂ ਵਾਰਦਾਤਾਂ ਬਾਰੇ ਉਹ ਐੱਸਐੱਚਓ ਤੋਂ ਲੈ ਕੇ ਐੱਸਐੱਸਪੀ ਪੱਧਰ ਤੱਕ ਹਰ ਅਧਿਕਾਰੀ ਨੂੰ ਲਿਖਤੀ ਪੱਤਰ ਲਿਖ ਚੁੱਕੇ ਹਨ ਪਰ ਹਾਲੇ ਤੱਕ ਇੱਕ ਵੀ ਚੋਰੀ ਦੀ ਵਾਰਦਾਤ ਪੁਲੀਸ ਹੱਲ ਨਹੀਂ ਕਰ ਸਕੀ। ਉਨ੍ਹਾਂ ਤੇਲ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਆਪਣੇ ਪੱਧਰ ’ਤੇ ਇੱਕ ਟਾਸਕ ਫੋਰਸ ਵੀ ਤਾਇਨਾਤ ਕੀਤੀ ਹੈ।

ਪੁਲੀਸ ਨੂੰ ਪਾਵਰਕੌਮ ਦੇ ਮੁਲਾਜ਼ਮਾਂ ’ਤੇ ਸ਼ੱਕ !

ਐੱਸਐੱਚਓ ਗੜਦੀਵਾਲਾ ਗਗਨਦੀਪ ਸਿੰਘ ਸੇਖੋਂ ਨੇ ਕਿਹਾ ਕਿ ਪੁਲੀਸ ਤੇਲ ਚੋਰੀ ਦੀਆਂ ਵਾਰਦਾਤਾਂ ਵਿੱਚ ਬਿਜਲੀ ਵਿਭਾਗ ਦੇ ਪੁਰਾਣੇ ਮੁਲਾਜ਼ਮਾਂ ਜਾਂ ਠੇਕੇਦਾਰਾਂ ਦੇ ਕਰਿੰਦਿਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ ਕਿਉਂਕਿ ਟਰਾਂਸਫਾਰਮਰ ’ਚੋਂ ਤੇਲ ਚੋਰੀ ਕਰਨਾ ਬਿਜਲੀ ਦੇ ਜਾਣਕਾਰਾਂ ਦਾ ਹੀ ਕੰਮ ਹੈ। ਪੁਲੀਸ ਵਲੋਂ ਲਗਾਤਾਰ ਪਿੰਡਾਂ ਅੰਦਰ ਗਸ਼ਤ ਵਧਾਈ ਜਾ ਰਹੀ ਹੈ ਅਤੇ ਜਲਦ ਹੀ ਇਨ੍ਹਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All