Clock Tower renovation in Jalandhar: ਜਲੰਧਰ ਵਾਸੀ 35 ਸਾਲਾਂ ਬਾਅਦ ਘੰਟਾ ਘਰ ਦੀਆਂ ਘੰਟੀਆਂ ਸੁਣਨਗੇ
ਸੂਬਾ ਸਰਕਾਰ ਵਿਰਾਸਤੀ ਚੀਜ਼ਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਲਵੇ: ਚੰਨੀ
ਪੰਜਾਬ ਪ੍ਰੈੱਸ ਕਲੱਬ ਦੇ ਕਲਾਕ ਟਾਵਰ ਦੇ ਨਵੀਨੀਕਰਨ ਕਰਨ ਉਪਰੰਤ ਅੱਜ ਸੀ ਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਵੱਲੋਂ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ। ਇਸ ਕਲਾਕ ਦੀਆਂ ਘੰਟੀਆਂ 35 ਸਾਲਾਂ ਬਾਅਦ ਜਲੰਧਰ ਵਾਸੀਆਂ ਨੂੰ ਸੁਣਾਈ ਦੇਣਗੀਆਂ। ਇਸ ਮੌਕੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਤਿਹਾਸਕ ਅਤੇ ਵਿਰਾਸਤੀ ਢਾਂਚਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਲੈਣ ਲਈ ਮੋਹਰੀ ਕਿਰਦਾਰ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰੈੱਸ ਕਲੱਬ ਹਮੇਸ਼ਾ ਹੀ ਉਸਾਰੂ ਅਤੇ ਹਾਂ-ਪੱਖੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਸੰਨ 1982 ਵਿੱਚ ਹੋਂਦ ਵਿੱਚ ਆਏ ਪੰਜਾਬ ਪ੍ਰੈੱਸ ਕਲੱਬ ਦੇ ਕਲਾਕ ਟਾਵਰ ਦੀ ਘੜੀ ਖਰਾਬ ਸੀ ਜਿਸ ਨੂੰ ਦਰੁਸਤ ਕਰਨ ਲਈ ਸੀ ਟੀ ਇੰਸਟੀਚਿਊਟ ਦੇ ਪ੍ਰਬੰਧਕਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਕਲੱਬ ਦੇ ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਕਲੱਬ ਪੱਤਰਕਾਰਾਂ ਦੇ ਇਕੱਠੇ ਹੋਣ ਦਾ ਅਹਿਮ ਜ਼ਰੀਆ ਹੈ ਅਤੇ ਲੋਕਾਂ ਨੂੰ ਆਪਣੀ ਗੱਲ ਕਹਿਣ ਲਈ ਨਿਰਪੱਖ ਮੰਚ ਦਿੰਦਾ ਹੈ। ਸੀਨੀਅਰ ਪੱਤਰਕਾਰ ਅਤੇ ਕਲੱਬ ਦੇ ਸਾਬਕਾ ਪ੍ਰਧਾਨ ਸਤਨਾਮ ਮਾਣਕ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਤੇ ਸੀ ਟੀ ਇੰਸਟੀਚਿਊਟ ਹਮੇਸ਼ਾ ਪੱਤਰਕਾਰ ਭਾਈਚਾਰੇ ਨਾਲ ਖੜ੍ਹਾ ਹੈ ਅਤੇ ਸ਼ਹਿਰ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਹਮੇਸ਼ਾ ਅੱਗੇ ਆਇਆ ਹੈ।
ਡਾ. ਮਨਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਦੇ ਯਤਨਾਂ ਨਾਲ ਵਿਰਾਸਤੀ ਧਰੋਹਰ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ। ਇਸ ਮੌਕੇ ਕਲੱਬ ਦੀ ਗਵਰਨਿੰਗ ਬਾਡੀ ਦੇ ਮੈਂਬਰ ਰਾਜੇਸ਼ ਥਾਪਾ, ਤਜਿੰਦਰ ਕੌਰ ਥਿੰਦ, ਮਨਦੀਪ ਸ਼ਰਮਾ, ਸ਼ਿਵ ਸ਼ਰਮਾ, ਪਰਮਜੀਤ ਸਿੰਘ ਰੰਗਪੁਰੀ, ਰਾਜੇਸ਼ ਜੋਗੀ, ਨਵੀਨ ਸ਼ਰਮਾ ਅਤੇ ਮਲਕੀਤ ਸਿੰਘ ਬਰਾੜ ਮੌਜੂਦ ਸਨ।

