ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਦਸੰਬਰ
ਜ਼ਿਲ੍ਹੇ ਵਿੱਚ ਅੱਜ ਤਿੰਨ ਵਿਅਕਤੀਆਂ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਇਸ ਦੌਰਾਨ 63 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਤੋਂ ਜਾਣਕਾਰੀ ਮੁਤਾਬਕ ਅੱਜ ਕਰੋਨਾ ਕਾਰਨ 22 ਸਾਲਾਂ ਦੇ ਹਰਜਿੰਦਰ ਸਿੰਘ ਵਾਸੀ ਵੇਰਕਾ, 40 ਸਾਲਾਂ ਦੇ ਪਲਵਿੰਦਰ ਸਿੰਘ ਵਾਸੀ ਸੁਭਾਸ਼ ਕਲੋਨੀ ਅਤੇ 45 ਸਾਲਾਂ ਦੇ ਓਮ ਪ੍ਰਕਾਸ਼ ਵਾਸੀ ਸੁੰਦਰ ਨਗਰ ਬਟਾਲਾ ਰੋਡ ਦੀ ਮੌਤ ਹੋ ਗਈ ਹੈ। ਕਰੋਨਾ ਕਾਰਨ ਜ਼ਿਲ੍ਹੇ ਵਿੱਚ ਹੁਣ ਤੱਕ 509 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਅੱਜ ਨਵੇਂ 63 ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਜ਼ਿਲ੍ਹੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 13280 ਹੋ ਗਈ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾ ਨਾਲ ਇਕ ਮੌਤ ਹੋ ਗਈ ਜਦ ਕਿ 103 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਹੁਣ ਤੱਕ 569 ਮੌਤਾਂ ਹੋ ਚੁੱਕੀਆਂ ਹਨ ਅਤੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 18182 ਤੱਕ ਜਾ ਪਹੁੰਚੀ ਹੈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ 42 ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਅਤੇ ਦੋ ਮਰੀਜ਼ਾਂ ਦੀ ਮੌਤ ਹੋ ਗਈ। ਸਿਵਲ ਸਰਜਨ ਦਫ਼ਤਰ ਤੋਂ ਜਾਰੀ ਸੂਚਨਾ ਮੁਤਾਬਿਕ ਜ਼ਿਲ੍ਹੇ ਵਿੱਚ ਹੁਣ ਤੱਕ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 7063 ਅਤੇ ਮੌਤਾਂ ਦੀ ਗਿਣਤੀ 260 ਹੋ ਗਈ ਹੈ। ਜ਼ਿਲ੍ਹੇ ਵਿੱਚ 189 ਕੇਸ ਐਕਟਿਵ ਹਨ ਅਤੇ 6614 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਅੱਜ ਆਏ 42 ਕੇਸਾਂ ਵਿਚੋਂ 6 ਹੁਸ਼ਿਆਰਪੁਰ ਸ਼ਹਿਰ ਅਤੇ ਬਾਕੀ ਹੋਰਨਾਂ ਸਿਹਤ ਕੇਂਦਰਾਂ ਨਾਲ ਸਬੰਧਤ ਹਨ। ਮਰਨ ਵਾਲੇ ਮਰੀਜ਼ ਗੜ੍ਹਦੀਵਾਲਾ ਅਤੇ ਭੰਬੋਤਾੜ ਨਾਲ ਸਬੰਧਤ ਸਨ।