ਨਿਜੀ ਪੱਤਰ ਪ੍ਰੇਰਕ
ਜਲੰਧਰ, 8 ਜੁਲਾਈ
ਅੱਜ ਆਈਆਂ ਰਿਪੋਰਟਾਂ ਵਿੱਚ 74 ਜਣੇ ਪਾਜ਼ੇਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਨੋਡਲ ਅਫ਼ਸਰ ਡਾ. ਟੀਪੀ ਸਿੰਘ ਸੰਧੂ ਨੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 1010 ਹੋ ਗਈ ਹੈ। ਅੱਜ ਆਈਆਂ ਰਿਪੋਰਟਾਂ ਵਿੱਚ ਇਕ ਜੱਜ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿੱਚ 16 ਫੌਜ ਦੇ ਜਵਾਨ ਵੀ ਸ਼ਾਮਲ ਹਨ। ਭੋਗਪੁਰ ਦੇ 12 ਦੇ ਕਰੀਬ ਲੋਕ ਕਰੋਨਾ ਪਾਜ਼ੇਟਿਵ ਆਏ ਹਨ। ਪਿੰਡ ਸਮਰਾਏ ਵਿੱਚ 8 ਜਣੇ ਕਰੋਨਾ ਤੋਂ ਪੀੜਤ ਪਾਏ ਗਏ ਹਨ। ਜਲੰਧਰ ਦੇ ਸਿਵਲ ਹਸਪਤਾਲ ਵਿੱਚ ਹੁਣ ਤੱਕ 71 ਮਰੀਜ਼ ਹੀ ਦਾਖਲ ਹਨ। ਫਗਵਾੜਾ,(ਜਸਬੀਰ ਸਿੰਘ ਚਾਨਾ):ਅੱਜ ਫਗਵਾੜਾ ਦੇ ਐੱਸ.ਡੀ.ਐੱਮ ਨੂੰ ਵੀ ਕਰੋਨਾ ਪਾਜ਼ੇਟਿਵ ਹੋਣ ਦੀ ਸੂਚਨਾ ਮਿਲੀ ਹੈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਅੰਮ੍ਰਿਤਸਰ (ਟਨਸ): ਕਰੋਨਾ ਵਾਇਰਸ ਕਾਰਨ ਅੱਜ ਸ਼ਹਿਰ ਵਿੱਚ ਇੱਕ ਹੋਰ ਪੀੜਤ ਦੀ ਮੌਤ ਹੋ ਗਈ ਹੈ ਜਿਸ ਕਰਕੇ ਕਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵਧ ਕੇ 49 ਹੋ ਗਿਆ ਹੈ। ਇਸ ਦੌਰਾਨ ਸ਼ਹਿਰ ਵਿੱਚ 13 ਹੋਰ ਨਵੇਂ ਕਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਕਰੋਨਾ ਕਾਰਨ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਨਾਖਤ ਅਸ਼ੋਕ ਕੁਮਾਰ (60) ਵਾਸੀ ਗੁਰੂ ਰਾਮਦਾਸ ਨਗਰ, ਹਰੀਜਨ ਕਲੋਨੀ ਅੰਮ੍ਰਿਤਸਰ ਵਜੋਂ ਹੋਈ ਹੈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਹੁਸ਼ਿਆਰਪੁਰ ਦੇ ਐੱਸਡੀਐੱਮ ਅਤੇ ਨਗਰ ਨਿਗਮ ਦੇ ਕਮਿਸ਼ਨਰ ਸਮੇਤ ਅੱਜ ਹੁਸ਼ਿਆਰਪੁਰ ’ਚ 4 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਦੋਵੇਂ ਅਧਿਕਾਰੀਆਂ ਤੋਂ ਇਲਾਵਾ ਇੱਕ ਪਾਜ਼ੇਟਿਵ ਮਰੀਜ਼ ਬਲਾਕ ਚੱਕੋਵਾਲ ਨਾਲ ਅਤੇ ਦੂਜੀ ਨਰਸ ਹੈ।ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਸਥਾਪਿਤ ਕੀਤੀ ਟਰੂਨਾਟ ਮਸ਼ੀਨ ਰਾਹੀਂ ਐੱਸਡੀਐੱਮ ਅਤੇ ਕਮਿਸ਼ਨਰ ਨੇ ਨਮੂਨੇ ਲਏ ਗਏ ਸਨ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਪਠਾਨਕੋਟ, (ਪੱਤਰ ਪ੍ਰੇਰਕ): ਜ਼ਿਲ੍ਹਾ ਪਠਾਨਕੋਟ ਅੰਦਰ ਅੱਜ 410 ਸੈਂਪਲਾਂ ਦੀ ਆਈ ਰਿਪੋਰਟ ਵਿੱਚੋਂ ਕਰੋਨਾ ਪਾਜ਼ੇਟਿਵ ਦੇ 4 ਅਤੇ 406 ਕੇਸ ਨੈਗੇਟਿਵ ਆਏ ਹਨ। ਇਹ ਜਾਣਕਾਰੀ ਕਾਰਜਕਾਰੀ ਸਿਵਲ ਸਰਜਨ ਡਾ. ਭੁਪਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਵੇਂ ਆਏ ਕੇਸਾਂ ਵਿੱਚ ਇੱਕ ਚੰਡੀਗੜ੍ਹ ਤੋਂ ਆਇਆ ਇੱਕ ਨੌਜਵਾਨ ਘਰੋਟਾ ਦਾ ਰਹਿਣ ਵਾਲਾ ਹੈ ਜਦ ਕਿ ਦੂਸਰਾ 25 ਸਾਲਾ ਨੌਜਵਾਨ ਮੀਰਪੁਰ ਕਲੌਨੀ ਦਾ ਹੈ, ਤੀਸਰਾ ਚਾਰ ਮਰਲਾ ਕੁਆਟਰਾਂ ਦਾ ਰਹਿਣ ਵਾਲਾ ਹੈ ਤੇ ਉਹ ਪਹਿਲਾਂ ਹੀ ਕਰੋਨਾ ਪਾਜ਼ੇਟਿਵ ਔਰਤ ਦਾ ਪਰਿਵਾਰਕ ਮੈਂਬਰ ਹੈ।
ਇਸ ਦੇ ਇਲਾਵਾ ਚੌਥਾ 40 ਸਾਲਾ ਵਿਅਕਤੀ ਹਾਲੇੜ ਪਿੰਡ ਦਾ ਰਹਿਣ ਵਾਲਾ ਹੈ। ਇਸ ਤਰ੍ਹਾਂ ਨਾਲ ਪਠਾਨਕੋਟ ਜ਼ਿਲ੍ਹੇ ਅੰਦਰ ਕੁੱਲ ਐਕਟਿਵ ਕੇਸਾਂ ਦੀ ਗਿਣਤੀ 28 ਪੁੱਜ ਗਈ ਹੈ।