ਚੰਨੀ ਦੀ ਨਵੀਂ ਰਿਹਾਇਸ਼ ਬਣੇਗੀ ਸਿਆਸੀ ਸਰਗਰਮੀਆਂ ਦਾ ਕੇਂਦਰ
ਖਜੂਰਲਾ ਸਥਿਤ ਨਵੇਂ ਘਰ ’ਚ ਗ੍ਰਹਿ ਪ੍ਰਵੇਸ਼ ਕੀਤਾ; ਚੋਣਾਂ ਦੌਰਾਨ ਕੀਤਾ ਵਾਅਦਾ ਪੂਰਾ ਕਰਨ ਦਾ ਦਾਅਵਾ
ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਖਜੂਰਲਾ ਸਥਿਤ ਆਪਣੇ ਨਵੇਂ ਘਰ ਵਿੱਚ ਗ੍ਰਹਿ ਪ੍ਰਵੇਸ਼ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਮਾਨ ਇਸੇ ਘਰ ਤੋਂ ਸੰਭਾਲੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਉਨ੍ਹਾਂ ਨੂੰ ਬਾਹਰੀ ਉਮੀਦਵਾਰ ਕਹਿ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਸਨ ਪਰ ਹੁਣ ਇਸੇ ਨਵੇਂ ਘਰ ਤੋਂ ਕਾਂਗਰਸ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਚਲਾਈਆਂ ਜਾਣਗੀਆਂ।
ਸੰਸਦ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਵੋਟਾਂ ਲੈਣ ਦੇ ਨਾਲ-ਨਾਲ ਇੱਥੇ ਆਪਣੀ ਰਿਹਾਇਸ਼ ਵੀ ਬਣਾਉਣਗੇ ਤਾਂ ਜੋ ਜ਼ਮੀਨੀ ਪੱਧਰ ਦੇ ਕਾਂਗਰਸੀ ਵਰਕਰ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਕਰ ਸਕਣ। ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰੀ, ਜਲੰਧਰ ਛਾਉਣੀ ਅਤੇ ਦਿਹਾਤੀ ਖੇਤਰ ਦੇ ਸ਼ਾਹਕੋਟ, ਨਕੋਦਰ, ਫਿਲੌਰ, ਗੁਰਾਇਆ, ਕਰਤਾਰਪੁਰ, ਆਦਮਪੁਰ ਅਤੇ ਭੋਗਪੁਰ ਦੇ ਕਾਂਗਰਸੀ ਵਰਕਰ ਬਿਨਾਂ ਕਿਸੇ ਮੁਸ਼ਕਲ ਤੋਂ ਉਨ੍ਹਾਂ ਨੂੰ ਮਿਲ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕ ਸਭਾ ਸੈਸ਼ਨ ਦੇ ਦਿਨਾਂ ਤੋਂ ਬਾਅਦ ਉਹ ਆਪਣਾ ਜ਼ਿਆਦਾਤਰ ਸਮਾਂ ਜਲੰਧਰ ਵਿੱਚ ਰਹਿ ਕੇ ਕਾਂਗਰਸੀ ਵਰਕਰਾਂ ਨਾਲ ਤਾਲਮੇਲ ਕਰਨਗੇ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀ ਸ਼ੁਰੂ ਕਰਨਗੇ।
ਨਵੇਂ ਘਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਪੰਜ ਕਨਾਲ ਵਿੱਚ ਬਣਿਆ ਹੋਇਆ ਹੈ। ਜ਼ਮੀਨੀ ਮੰਜ਼ਿਲ ’ਤੇ ਦਫ਼ਤਰ ਅਤੇ ਵਰਕਰਾਂ ਦੇ ਬੈਠਣ ਲਈ ਆਰਾਮਦਾਇਕ ਕਮਰੇ ਬਣਾਏ ਗਏ ਹਨ, ਜਦਕਿ ਪਹਿਲੀ ਮੰਜ਼ਿਲ ’ਤੇ ਉਨ੍ਹਾਂ ਨੇ ਆਪਣੀ ਰਿਹਾਇਸ਼ ਰੱਖੀ ਹੈ। ਇਸ ਘਰ ਦੇ ਬਣਨ ਤੋਂ ਪਹਿਲਾਂ ਚੰਨੀ ਜਲੰਧਰ ਵਿੱਚ ਇੱਕ ਕਿਰਾਏ ਦੇ ਫਲੈਟ ਵਿੱਚ ਰਹਿ ਰਹੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਨਵੇਂ ਘਰ ਵਿੱਚ ਆ ਗਏ ਹਨ ਅਤੇ ਬੱਚੇ ਵੀ ਜਲਦ ਹੀ ਇੱਥੇ ਰਹਿਣ ਲੱਗ ਪੈਣਗੇ।
ਇਸ ਮੌਕੇ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਲੰਧਰ ਸਥਿਤ ਰਿਹਾਇਸ਼ ਵਿਧਾਨ ਸਭਾ ਚੋਣਾਂ ਵਿੱਚ ਅਹਿਮ ਕੇਂਦਰ ਬਿੰਦੂ ਬਣੇਗੀ। ਇਸ ਮੌਕੇ ਵਿਧਾਇਕ ਬਲਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਹਲਕਾ ਕਰਤਾਰਪੁਰ ਦੇ ਇੰਚਾਰਜ ਰਜਿੰਦਰ ਸਿੰਘ ਵੀ ਮੌਜੂਦ ਸਨ।

