Census 2027: ਜਨ-ਗਣਨਾ ਲਈ ਡਿਊਟੀਆਂ ਲਾਉਣ ਦਾ ਵਿਰੋਧ
ਜਨ-ਗਣਨਾ 2027 ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾਣ ਕਾਰਨ ਪੈਦਾ ਹੋਈਆਂ ਦਿੱਕਤਾਂ ਕਾਰਨ ਗੌਰਮਿੰਟ ਟੀਚਰਜ਼ ਯੂਨੀਅਨ (ਜੀ ਟੀ ਯੂ) ਗੁਰਦਾਸਪੁਰ ਦਾ ਵਫ਼ਦ ਅੱਜ ਅਧਿਕਾਰੀਆਂ ਨੂੰ ਮਿਲਿਆ। ਜੀ ਟੀ ਯੂ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਪੂਰੋਵਾਲ, ਅਨਿਲ ਕੁਮਾਰ ਤੇ ਲਵਪ੍ਰੀਤ ਰੋੜਾਂਵਾਲੀ...
ਜਨ-ਗਣਨਾ 2027 ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਜਾਣ ਕਾਰਨ ਪੈਦਾ ਹੋਈਆਂ ਦਿੱਕਤਾਂ ਕਾਰਨ ਗੌਰਮਿੰਟ ਟੀਚਰਜ਼ ਯੂਨੀਅਨ (ਜੀ ਟੀ ਯੂ) ਗੁਰਦਾਸਪੁਰ ਦਾ ਵਫ਼ਦ ਅੱਜ ਅਧਿਕਾਰੀਆਂ ਨੂੰ ਮਿਲਿਆ। ਜੀ ਟੀ ਯੂ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਪੂਰੋਵਾਲ, ਅਨਿਲ ਕੁਮਾਰ ਤੇ ਲਵਪ੍ਰੀਤ ਰੋੜਾਂਵਾਲੀ ਨੇ ਦੱਸਿਆ ਵਫ਼ਦ ਨੇ ਜੀ ਏ ਟੂ ਡੀ ਸੀ ਕੁਲਦੀਪ ਚੰਦ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਪ੍ਰਾਇਮਰੀ) ਪਰਮਜੀਤ ਨਾਲ ਮੁਲਾਕਾਤ ਕਰ ਕੇ ਆਪਣਾ ਪੱਖ ਰੱਖਿਆ। ਪ੍ਰਸ਼ਾਸਨਿਕ ਅਧਿਕਾਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਡੀ ਸੀ ਨਾਲ ਵਿਚਾਰ ਕਰ ਕੇ ਅਧਿਆਪਕਾਂ ਦੀਆਂ ਡਿਊਟੀਆਂ ਉਨ੍ਹਾਂ ਦੇ ਮੌਜੂਦਾ ਸਟੇਸ਼ਨ ਜਾਂ ਰਿਹਾਇਸ਼ੀ ਸਥਾਨਾਂ ਨੇੜੇ ਲਗਵਾਈਆਂ ਜਾਣਗੀਆਂ। ਅੰਗਹੀਣ, ਵਿਧਵਾ ਅਤੇ ਬਿਮਾਰ ਅਧਿਆਪਕਾਂ ਨੂੰ ਡਿਊਟੀ ਤੋਂ ਮੁਕਤ ਰੱਖਿਆ ਜਾਵੇਗਾ। ਬੀ ਐੱਲ ਓਜ਼ ਅਤੇ ਸੁਪਰਵਾਈਜ਼ਰਾਂ ਦੀ ਡਿਊਟੀ ਜਨ ਗਣਨਾ ਵਿੱਚ ਨਹੀਂ ਲਗਾਈ ਜਾਵੇਗੀ।
ਜੀ ਟੀ ਯੂ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦੱਸਿਆ ਕਿ ਸਿੱਖਿਆ ਵਿਭਾਗ ਨੂੰ ਭਰੋਸੇ ਵਿੱਚ ਲਏ ਬਿਨਾਂ ਹੀ ਵੱਖ-ਵੱਖ ਨਗਰ ਕੌਂਸਲਾਂ ਦੇ ਈ ਓ ਦਫ਼ਤਰ ਵੱਲੋਂ ਅਧਿਆਪਕਾਂ ਦੀਆਂ ਸਿੱਧੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਸ ਕਾਰਨ ਚੱਲ ਰਹੀਆਂ ਰਿਹਸਲਾਂ ਕਰ ਕੇ ਕਈ ਸਕੂਲ ਅਧਿਆਪਕਾਂ ਤੋਂ ਵਾਂਝੇ ਰਹੇ ਹਨ। ਡੀ ਈ ਓ ਨੇ ਵਿਸ਼ਵਾਸ ਦਿਵਾਇਆ ਉਹ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ।
ਇਸ ਸਬੰਧੀ ਏ ਡੀ ਸੀ (ਜ) ਗੁਰਦਾਸਪੁਰ ਗੁਰਸਿਮਰਨ ਸਿੰਘ ਨੇ ਕਿਹਾ ਅਧਿਆਪਕਾਂ ਦੀਆਂ ਹੀ ਨਹੀਂ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਜਨ-ਗਣਨਾ ਲਈ ਲਗਾਈਆਂ ਹਨ। ਇਸ ਸਬੰਧੀ ਰਿਹਸਲਾਂ ਚੱਲ ਰਹੀਆਂ ਹਨ। ਜੇ ਕਿਸੇ ਅਧਿਆਪਕ ਦੀ ਸਕੂਲ ਸਬੰਧਤ ਬਲਾਕ ਤੋਂ ਹੋਰ ਕਿਤੇ ਡਿਊਟੀ ਲਗਾਈ ਗਈ ਹੈ ਤਾਂ ਉਸ ਦੀ ਡਿਊਟੀ ਬਦਲ ਕੇ ਸਬੰਧਤ ਖੇਤਰ ਵਿੱਚ ਲਗਾ ਦਿੱਤੀ ਜਾਵੇਗੀ।

