ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਦੇ ਦਖ਼ਲ ਮਗਰੋਂ ਕਾਰਵਾਈ ਹੋਈ
ਲੁਧਿਆਣਾ ਬੀਤੇ ਦਿਨੀਂ ਇੱਕ ਸਿੱਖ ਨੌਜਵਾਨ ਟੈਕਸੀ ਚਾਲਕ ਰਣਜੋਤ ਸਿੰਘ ਨਾਲ ਪੁਲੀਸ ਚੌਕੀ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਖ਼ਤ ਨੋਟਿਸ ਤੋਂ ਬਾਅਦ ਮੁਲਜ਼ਮਾਂ ਵਿਅਕਤੀਆਂ ਵਿਰੁੱਧ ਲੁਧਿਆਣਾ ਦੇ ਡਿਵੀਜ਼ਨ 8 ਪੁਲੀਸ ਥਾਣੇ ਵਿੱਚ ਅੱਜ ਦੋ ਵੱਖ-ਵੱਖ ਪਰਚੇ ਦਰਜ ਹੋ ਗਏ ਹਨ। ਇਸ ਘਟਨਾ ਸਬੰਧੀ ਰਣਜੋਤ ਸਿੰਘ ਵੱਲੋਂ ਪਾਈ ਗਈ ਵੀਡੀਓ ਅਤੇ ਉਸ ਦੇ ਪਰਿਵਾਰ ਵੱਲੋਂ ਪੁਲੀਸ ਮੁਲਾਜ਼ਮਾਂ ਅਤੇ ਮੁਲਜ਼ਮ ਵਿਅਕਤੀਆਂ ਵਿਰੁੱਧ ਕਾਰਵਾਈ ਲਈ ਕੀਤੇ ਰੋਸ ਪ੍ਰਦਰਸ਼ਨ ਦਾ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੁਧਿਆਣਾ ਸ਼ਹਿਰ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਤੁਰੰਤ ਸਖ਼ਤ ਕਾਰਵਾਈ ਕਰਨ ਲਈ ਆਖਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਖੁਦ ਰੋਸ ਵਾਲੀ ਥਾਂ ਉੱਤੇ ਪਹੁੰਚ ਕੇ ਪੀੜਤ ਸਿੱਖ ਦਾ ਸਾਥ ਦੇਣਗੇ। ਜਿਸ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਪੀੜਤ ਦੀ ਸ਼ਿਕਾਇਤ ਉੱਤੇ ਪੁਲੀਸ ਮੁਲਾਜ਼ਮਾਂ ਅਤੇ ਦੋਸ਼ੀ ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕਰ ਦਿੱਤਾ ਹੈ।

