BSP Workers ਬਲਵਿੰਦਰ ਕੁਮਾਰ ਨੂੰ ਜਿਤਾਉਣ: ਬੈਣੀਵਾਲ
‘ਆਪ’ ਸਣੇ ਹੋੋਰਨਾਂ ਰਾਜਸੀ ਪਾਰਟੀਆਂ ’ਤੇ ਨਿਸ਼ਾਨੇ ਸੇਧੇ; ਵਿਧਾਨ ਸਭਾ ਚੋਣਾਂ ਦੇ ਮੱਦਨਜ਼ਰ ਸਰਗਰਮੀਆਂ ਤੇਜ਼
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ ਨੇ ਸੂਬੇ ਭਰ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਪਾਰਟੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਵਰਕਰ ਸੰਮੇਲਨ ਕੀਤਾ ਗਿਆ। ਹਲਕਾ ਆਦਮਪੁਰ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਦੀ ਅਗਵਾਈ ਹੇਠ ਹੋਏ ਸੰਮੇਲਨ ਵਿੱਚ ਪਾਰਟੀ ਦੇ ਸੈਂਟਰਲ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ, ਕੇਂਦਰੀ ਸਟੇਟ ਇੰਚਾਰਜ ਪ੍ਰਤਾਪ ਸਿੰਘ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਆਦਮਪੁਰ ਦੇ ਬਸਪਾ ਵਰਕਰਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਉਹ ਇਸ ਵਿਧਾਨ ਸਭਾ ਸੀਟ ਤੋਂ ਬਸਪਾ ਨੂੰ ਜਿਤਾ ਕੇ ਬਲਵਿੰਦਰ ਕੁਮਾਰ ਐਡਵੋਕੇਟ ਨੂੰ ਵਿਧਾਨ ਸਭਾ ਵਿੱਚ ਭੇਜਣ ਤੇ ਸੂਬੇ ਵਿੱਚ ਬਸਪਾ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਪਿਛਲੇ 78 ਸਾਲਾਂ ਤੋਂ ਪੰਜਾਬ ਵਿੱਚ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਨੇ ਸੂਬੇ ਨੂੰ ਖੁਸ਼ਹਾਲ ਬਣਾਉਣ ਦੀ ਥਾਂ ਬਦਹਾਲੀ ਵੱਲ ਧੱਕਿਆ ਹੈ। ਸਿਹਤ, ਸਿੱਖਿਆ, ਰੁਜ਼ਗਾਰ ਦੇ ਮਾਮਲੇ ’ਚ ਸੂਬਾ ਲਗਾਤਾਰ ਪਿੱਛੇ ਜਾ ਰਿਹਾ ਹੈ। ਉਨ੍ਹਾਂ ਕਿਹਾ ਬਲਵਿੰਦਰ ਕੁਮਾਰ ਐਡਵੋਕੇਟ ਨੂੰ ਬਸਪਾ ਵੱਲੋਂ ਵਿਧਾਨਸਭਾ ਹਲਕਾ ਆਦਮਪੁਰ ਦਾ ਇੰਚਾਰਜ ਲਗਾਇਆ ਗਿਆ ਹੈ। ਆਦਮਪੁਰ ਦੇ ਬਸਪਾ ਵਰਕਰ ਉਨ੍ਹਾਂ ਨੂੰ ਇਸ ਸੀਟ ਤੋਂ ਜਿਤਾ ਕੇ ਪੰਜਾਬ ਵਿਧਾਨਸਭਾ ਵਿੱਚ ਭੇਜਣ। ਪ੍ਰਤਾਪ ਸਿੰਘ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਵੀ ਪਿਛਲੀਆਂ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ ਵਾਂਗ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਇਨ੍ਹਾਂ ਦੇ ਰਾਜ ਵਿੱਚ ਫੈਲੇ ਨਸ਼ੇ ਕਰਕੇ ਹੁਣ ਤੱਕ 2 ਲੱਖ ਲੋਕ ਮਾਰੇ ਜਾ ਚੁੱਕੇ ਹਨ। ਇਸ ਮੌਕੇ ਬਲਵਿੰਦਰ ਕੁਮਾਰ ਐਡਵੋਕੇਟ ਨੇ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।

