ਬਹੁਜਨ ਸਮਾਜ ਪਾਰਟੀ (ਬਸਪਾ) ਨੇ ਅੱਜ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਲੋਕਾਂ ਖਿਲਾਫ਼ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਹ ਪ੍ਰਦਰਸ਼ਨ ਐੱਸ ਐੱਸ ਪੀ ਜਲੰਧਰ ਦਿਹਾਤੀ ਦੇ ਦਫ਼ਤਰ ਦੇ ਬਾਹਰ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਬਸਪਾ ਦੇ ਵਰਕਰ ਸ਼ਾਮਲ ਹੋਏ। ਪ੍ਰਦਰਸ਼ਨ ਦੀ ਅਗਵਾਈ ਬਸਪਾ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਐਡਵੋਕੇਟ ਨੇ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਖਾਸ ਕਰਕੇ ਜਲੰਧਰ ਦਿਹਾਤੀ ਖੇਤਰ ਵਿੱਚ ਪੁਲੀਸ ਰਾਹੀਂ ਬਹੁਤ ਵੱਡੇ ਪੱਧਰ ’ਤੇ ਲੋਕਾਂ ਖਿਲਾਫ਼ ਝੂਠੇ ਪਰਚੇ ਦਰਜ ਕਰਾਏ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲੀਸ ਵੱਲੋਂ ਪਹਿਲਾਂ ਸੱਤਾਧਰੀ ਧਿਰ ਦੇ ਪ੍ਰਭਾਵ ਹੇਠ ਝੂਠੇ ਪਰਚੇ ਦਰਜ ਕੀਤੇ ਜਾਂਦੇ ਹਨ ਅਤੇ ਫਿਰ ਉਸ ਤੋਂ ਬਾਅਦ ਉਨ੍ਹਾਂ ਦਾ ਚਲਾਨ ਅਦਾਲਤ ਵਿੱਚ ਦਿੱਤਾ ਜਾਂਦਾ ਹੈ। ਜਲੰਧਰ ਦਿਹਾਤੀ ਪੁਲੀਸ ਉਨ੍ਹਾਂ ਲੋਕਾਂ ’ਤੇ ਅਦਾਲਤ ਵਿੱਚ ਮੁਕੱਦਮੇ ਚਲਾਉਣ ਲੱਗੀ ਹੋਈ ਹੈ, ਜਿਨ੍ਹਾਂ ਦਾ ਕੋਈ ਕਸੂਰ ਨਹੀਂ। ਬਲਵਿੰਦਰ ਕੁਮਾਰ ਐਡਵੋਕੇਟ ਨੇ ਕਿਹਾ ਕਿ ਸਭ ਤੋਂ ਵੱਧ ਝੂਠੇ ਪਰਚੇ ਹਲਕਾ ਕਰਤਾਰਪੁਰ ਵਿੱਚ ਕੀਤੇ ਗਏ ਹਨ, ਜਿੱਥੋਂ ਵਿਧਾਇਕ ‘ਆਪ’ ਦਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇੰਨੇ ਖਰਾਬ ਹਨ ਕਿ ਦਿਹਾਤੀ ਪੁਲੀਸ ਦੇ ਥਾਣਾ ਮਕਸੂਦਾਂ ਵੱਲੋਂ ਉਸ ਝੂਠੇ ਪਰਚੇ ਵਿੱਚ ਵੀ 42 ਲੋਕਾਂ ਖਿਲਾਫ਼ ਚਲਾਨ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਡੀ ਜੀ ਪੀ ਪੰਜਾਬ ਵੱਲੋਂ ਰੱਦ ਕੀਤਾ ਜਾ ਚੁੱਕਾ ਹੈ। ਬਸਪਾ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਰੁਕਦੀ ਤੇ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਬਸਪਾ ਆਪਣਾ ਪ੍ਰਦਰਸ਼ਨ ਜਾਰੀ ਰੱਖੇਗੀ। ਇਸ ਮੌਕੇ ਸੂਬਾ ਦਫ਼ਤਰ ਸਕੱਤਰ ਇੰਜ. ਜਸਵੰਤ ਰਾਏ, ਜ਼ਿਲ੍ਹਾ ਪ੍ਰਧਾਨ ਸਲਵਿੰਦਰ ਕੁਮਾਰ, ਪਰਮਜੀਤ ਮੱਲ, ਬੂਟਾ ਸਿੰਘ ਪਤਾਰਾ, ਮਦਨ ਮੱਦੀ, ਕ੍ਰਿਸ਼ਨ ਮਨੀ, ਸ਼ਾਦੀ ਲਾਲ, ਮੁੰਨੀ ਲਾਲ ਭਗਵਾਨਪੁਰ, ਪਰਮਜੀਤ ਮੰਨਣ, ਡਾ. ਭੁਪਿੰਦਰ, ਕਮਲ ਬਾਦਸ਼ਾਹਪੁਰ, ਐਡਵੋਕੇਟ ਦੀਪਕ, ਹਰਜਿੰਦਰ ਬਿੱਲਾ, ਜਗਜੀਤ ਖਹਿਰਾ ਮਾਝਾ, ਸੁੱਚਾ ਬਿਨਪਾਲਕੇ, ਜੀਤੀ ਬਿਨਪਾਲਕੇ, ਅਸ਼ੋਕ ਸਈਪੁਰ, ਜਗਦੀਸ਼ ਗੱਦੋਵਾਲੀ ਵੀ ਮੌਜੂਦ ਸਨ।

