DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਾਜਬੀਰ ਘੁੰਮਣ ਤੇ ਹੋਰਾਂ ਖ਼ਿਲਾਫ਼ ਐੱਫ ਆਈ ਆਰ ’ਚ ਨੀਤੀਗਤ ਬਦਲਾਵਾਂ ਅਤੇ ਤਬਾਦਲਿਆਂ ਲਈ ਕਥਿਤ ਭ੍ਰਿਸ਼ਟਾਚਾਰ ਦੇ ਵੇਰਵੇ

ਸੀ ਬੀ ਆਈ ਨੇ ਇਸ ਮਾਮਲੇ ਦੀ ਐੱਫ ਆਈ ਆਰ ਦਿੱਲੀ ’ਚ ਦਰਜ ਕੀਤੀ ਹੈ

  • fb
  • twitter
  • whatsapp
  • whatsapp
Advertisement

ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਪੰਜ ਕਰੀਬੀਆਂ ’ਤੇ ਹੱਥੋ ਹੱਥ ਨਵੀਂ ਦਿੱਲੀ ਦੇ ਥਾਣਾ ਈ ਓ-2 ’ਚ ਐੱਫ ਆਈ ਆਰ ਦਰਜ ਕੀਤੀ ਜੋ ਬੁੱਧਵਾਰ ਨੂੰ ਜਨਤਕ ਹੋਈ ਹੈ। ਇਸ ਮਾਮਲੇ ਦੀ ਜਾਂਚ ਸੀ ਬੀ ਆਈ ਦੇ ਏ ਐੱਸ ਪੀ ਕੇ ਐੱਲ ਮੋਸੇਸ ਨੂੰ ਸੌਂਪੀ ਗਈ ਹੈ। ਇਸੇ ਦੌਰਾਨ ਸੀ ਬੀ ਆਈ ਨੇ ਮੁੜ ਨਿਤਿਨ ਗੋਹਲ ਦੇ ਵੈਸਟਰਨ ਟਾਵਰਜ਼ ਵਿਚਲੇ ਘਰ ’ਚ ਕਰੀਬ ਦੋ ਘੰਟੇ ਤੱਕ ਛਾਣਬੀਣ ਕੀਤੀ।

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮਗਰੋਂ ਈ ਡੀ ਨੇ ਫ਼ੌਰੀ ਈ-ਮੇਲ ਜ਼ਰੀਏ ਪੰਜਾਬ ਦੇ ਡੀ ਜੀ ਪੀ ਨੂੰ ਲਿਖੇ ਪੱਤਰਾਂ ਦੀ ਕਾਪੀ ਸੀ ਬੀ ਆਈ ਨੂੰ ਭੇਜ ਦਿੱਤੀ ਸੀ। ਸੀ ਬੀ ਆਈ ਨੇ 5 ਅਕਤੂਬਰ ਦੀ ਰਾਤ 11.49 ਵਜੇ ਹੀ 251 ਪੰਨਿਆਂ ਦੀ ਐੱਫ ਆਈ ਆਰ (ਨੰਬਰ ਆਰ ਸੀ 2202026 ਈ 0013) ਦਰਜ ਕਰ ਦਿੱਤੀ ਸੀ। ਐੱਫ ਆਈ ਆਰ ਦਰਜ ਕਰਨ ਦੇ 17 ਘੰਟਿਆਂ ਬਾਅਦ ਹੀ ਸੀ ਬੀ ਆਈ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ। ਐੱਫ ਆਈ ਆਰ ’ਚ ਸ਼ਿਕਾਇਤਕਰਤਾ ਈ ਡੀ ਦੇ ਸਹਾਇਕ ਡਾਇਰੈਕਟਰ ਅਕਸ਼ੈ ਕੁਮਾਰ ਹਨ।

Advertisement

ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਅਤੇ ਆਰ ਐੱਸ ਨਾਗਰਾ ਤੋਂ ਇਲਾਵਾ ਅਣਪਛਾਤੇ ਸਰਕਾਰੀ ਤੇ ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 120 ਬੀ, ਬੀ ਐੱਨ ਐੱਸ ਦੀ ਧਾਰਾ 61(2) ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 7, 7 ਏ, 8 ਅਤੇ 12 ਤਹਿਤ ਕੇਸ ਕੀਤਾ ਗਿਆ ਹੈ। ਐੱਫ ਆਈ ਆਰ ਅਨੁਸਾਰ ਇਹ ਅਪਰਾਧ ਸਾਲ 2023 ਤੋਂ 2026 ਦੇ ਸਮੇਂ ਦੌਰਾਨ ਵਾਪਰਿਆ।

Advertisement

ਐੱਫ ਆਈ ਆਰ ’ਚ ਅਧਿਕਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ, ਨੀਤੀਗਤ ਫ਼ੈਸਲਿਆਂ ’ਚ ਦਖ਼ਲ, ਟੈਂਡਰਾਂ ਤੇ ਅਸਲਾ ਲਾਇਸੈਂਸਾਂ ਆਦਿ ’ਚ ਕਥਿਤ ਭ੍ਰਿਸ਼ਟਾਚਾਰ ਹੋਣ ਦੇ ਦੋਸ਼ ਲੱਗੇ ਹਨ। ਖ਼ਾਸ ਗੱਲ ਇਹ ਹੈ ਕਿ ਸੀ ਬੀ ਆਈ ਨੇ ਇਸ ਮਾਮਲੇ ਦੀ ਐੱਫ ਆਈ ਆਰ ਦਿੱਲੀ ’ਚ ਦਰਜ ਕੀਤੀ ਹੈ। ਸੂਤਰਾਂ ਮੁਤਾਬਕ ਸੀ ਬੀ ਆਈ ਦੀਆਂ ਜਿਨ੍ਹਾਂ ਟੀਮਾਂ ਵੱਲੋਂ ਛਾਪੇ ਮਾਰੇ ਗਏ ਸਨ, ਉਨ੍ਹਾਂ ’ਚ ਪੰਜਾਬ ਤੇ ਚੰਡੀਗੜ੍ਹ ਦੇ ਕਿਸੇ ਅਧਿਕਾਰੀ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਐੱਫ ਆਈ ਆਰ ’ਚ ਹਾਈ ਕੋਰਟ ਦੇ 66 ਪੰਨਿਆਂ ਦੇ ਫ਼ੈਸਲੇ ਅਤੇ ਈ ਡੀ ਵੱਲੋਂ ਲਿਖੇ ਪੱਤਰਾਂ ’ਚ ਦਰਜ ਚੈਟਾਂ ਦੇ ਪੂਰੇ ਵੇਰਵੇ ਸ਼ਾਮਲ ਹਨ। ਇਨ੍ਹਾਂ ’ਚ ਆਰ ਐੱਸ ਨਾਗਰਾ, ਜਿਤਿਨ ਗੋਹਲ, ਨਿਤਿਨ ਗੋਹਲ, ਕਾਕੂ ਆਹਲੂਵਾਲੀਆ, ਚੁਸਪਿੰਦਰ ਚਹਿਲ, ਆਈ ਪੀ ਐੱਸ ਅਧਿਕਾਰੀ ਤੁਸ਼ਾਰ ਗੁਪਤਾ ਅਤੇ ਅੰਮ੍ਰਿਤਪਾਲ ਢੀਂਡਸਾ ਦੀਆਂ ਚੈਟਾਂ ਸ਼ਾਮਲ ਹਨ। ਐੱਫ ਆਈ ਆਰ ’ਚ ਫ਼ਰਜ਼ੀ ਇੰਟਰਨਸ਼ਿਪ ਪੱਤਰਾਂ ਅਤੇ ਕੋਰਸ ਜਾਰੀ ਕਰਨ ਸਬੰਧੀ ਚੈਟਾਂ, ਮਰਸੀਡੀਜ਼ ਸਬੰਧੀ ਕੀਤੀ ਗਈ ਨਗ਼ਦ ਅਦਾਇਗੀ ਦੇ ਵੇਰਵੇ, ਜਸ਼ਨਦੀਪ ਸਿੰਘ ਅਤੇ ਹਵਾਲਾ ਰਾਹੀਂ ਕੀਤੀਆਂ ਅਦਾਇਗੀਆਂ ਅਤੇ ਇੱਕ ਆਈ ਐੱਫ਼ ਐੱਸ ਅਧਿਕਾਰੀ ਵੱਲੋਂ ਕੀਤੀ ਅਦਾਇਗੀ ਦਾ ਵੀ ਜ਼ਿਕਰ ਹੈ। ਕਥਿਤ ਤੌਰ ’ਤੇ ਮੁਲਜ਼ਮਾਂ ਦੇ ਪ੍ਰਭਾਵ ਹੇਠ ਕੀਤੇ ਗਏ ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਵੀ ਕੇਸ ਨਾਲ ਨੱਥੀ ਕੀਤੇ ਗਏ ਹਨ।

ਸੀ ਬੀ ਆਈ ਅੱਗੇ ਰਾਜਬੀਰ ਘੁੰਮਣ ਪੇਸ਼ ਨਾ ਹੋਏ

ਚੰਡੀਗੜ੍ਹ (ਚਰਨਜੀਤ ਭੁੱਲਰ): ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਅੱਜ ਤਲਬ ਕੀਤੇ ਜਾਣ ਦੇ ਬਾਵਜੂਦ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਦੇ ਸੈਕਟਰ 30 ਵਿਚਲੇ ਦਫ਼ਤਰ ’ਚ ਪੇਸ਼ ਨਹੀਂ ਹੋਏ। ਸੀ ਬੀ ਆਈ ਨੇ 5 ਅਕਤੂਬਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਦਿੱਲੀ ’ਚ ਦਰਜ ਕੇਸ ਦੇ ਸਬੰਧ ’ਚ ਰਾਜਬੀਰ ਸਿੰਘ ਘੁੰਮਣ ਨੂੰ ਅੱਜ ਦੁਪਹਿਰ ਢਾਈ ਵਜੇ ਲਈ ਤਲਬ ਕੀਤਾ ਸੀ। ਜਾਂਚ ਏਜੰਸੀ ਦੇ ਅਧਿਕਾਰੀ ਮਿੱਥੇ ਸਮੇਂ ਤੋਂ ਬਾਅਦ ਤੱਕ ਵੀ ਉਨ੍ਹਾਂ ਦੀ ਉਡੀਕ ਕਰਦੇ ਰਹੇ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੀ ਬੀ ਆਈ ਜਾਂਚ ਖ਼ਿਲਾਫ਼ ਸੁਪਰੀਮ ਕੋਰਟ ’ਚ ਸਪੈਸ਼ਲ ਲੀਵ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੀ ਸੁਣਵਾਈ ਇੱਕ-ਦੋ ਦਿਨਾਂ ’ਚ ਹੋਣੀ ਹੈ।

ਸੂਤਰਾਂ ਮੁਤਾਬਕ ਸਿਖਰਲੀ ਅਦਾਲਤ ’ਚ ਹੋਣ ਵਾਲੀ ਸੁਣਵਾਈ ਦੇ ਮੱਦੇਨਜ਼ਰ ਰਾਜਬੀਰ ਨੇ ਸੀ ਬੀ ਆਈ ਅੱਗੇ ਪੇਸ਼ ਹੋਣ ਤੋਂ ਫ਼ਿਲਹਾਲ ਕਿਨਾਰਾ ਕੀਤਾ ਹੈ ਕਿਉਂਕਿ ਸੂਬਾ ਸਰਕਾਰ ਨੂੰ ਇਸ ਮਾਮਲੇ ’ਚ ਰਾਹਤ ਮਿਲਣ ਦੀ ਝਾਕ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਤੇ ਈ ਡੀ ਵੱਲੋਂ ਪੰਜਾਬ ਦੇ ਡੀ ਜੀ ਪੀ ਨੂੰ ਲਿਖੇ ਪੱਤਰਾਂ ਦੇ ਆਧਾਰ ’ਤੇ ਸੀ ਬੀ ਆਈ ਨੇ ਰਾਜਬੀਰ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਡਾ. ਰੋਮੀ ਰਾਜਾ ਮਹਾਜਨ, ਬੀਰ ਦੇਵਿੰਦਰ, ਆਰ ਐੱਸ ਨਾਗਰਾ ਅਤੇ ਅਣਪਛਾਤਿਆਂ ’ਤੇ ਐੱਫ ਆਈ ਆਰ ਦਰਜ ਕੀਤੀ ਹੈ। ਸੀ ਬੀ ਆਈ ਨੇ ਦੋ ਮਹੀਨਿਆਂ ਦੇ ਅੰਦਰ ਇਸ ਮਾਮਲੇ ਦੀ ਰਿਪੋਰਟ ਅਦਾਲਤ ਨੂੰ ਸੌਂਪਣੀ ਹੈ। ਸੂਤਰਾਂ ਅਨੁਸਾਰ ਸੀ ਬੀ ਆਈ ਰਾਜਬੀਰ ਘੁੰਮਣ ਨੂੰ ਮੁੜ ਤਲਬ ਕਰ ਸਕਦੀ ਹੈ। ਦੂਜੇ ਪਾਸੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀ ਬੀ ਆਈ ਤਰਫ਼ੋਂ ਰਾਜਬੀਰ ਘੁੰਮਣ ਨੂੰ ਕੋਈ ਸੰਮਨ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਇਸੇ ਕਰ ਕੇ ਰਾਜਬੀਰ ਜਾਂਚ ਏਜੰਸੀ ਅੱਗੇ ਪੇਸ਼ ਨਹੀਂ ਹੋਏ।

ਰਾਜਬੀਰ ਦੀ ਅਰਜ਼ੀ ’ਤੇ ਸੀ ਬੀ ਆਈ ਨੂੰ ਨੋਟਿਸ ਜਾਰੀ

ਚੰਡੀਗੜ੍ਹ ਦੀ ਸੀ ਬੀ ਆਈ ਅਦਾਲਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐੱਸ ਡੀ ਰਾਜਬੀਰ ਸਿੰਘ ਘੁੰਮਣ ਵੱਲੋਂ ਦਾਇਰ ਅਰਜ਼ੀ ’ਤੇ ਸੀ ਬੀ ਆਈ ਨੂੰ 12 ਅਕਤੂਬਰ ਨੂੰ ਜਵਾਬ ਦਾਖ਼ਲ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਰਾਜਬੀਰ ਨੇ ਸੀ ਬੀ ਆਈ ਖ਼ਿਲਾਫ਼ ਅਦਾਲਤੀ ਹੁਕਮਾਂ ਦੀ ਉਲੰਘਣਾ (ਮਾਣਹਾਨੀ) ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਰਾਜਬੀਰ ਨੇ ਆਪਣੀ ਅਰਜ਼ੀ ’ਚ ਕਿਹਾ ਕਿ ਸੀ ਬੀ ਆਈ ਨੇ ਉਨ੍ਹਾਂ ਵਿਰੁੱਧ ਦਰਜ ਕੇਸ ਨਾਲ ਸਬੰਧਤ ਐੱਫ ਆਈ ਆਰ ਨੂੰ ਔਨਲਾਈਨ ਅਪਲੋਡ ਕਰਨ ਤੋਂ ਛੋਟ ਮੰਗਣ ਲਈ ਅਦਾਲਤ ’ਚ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਸੀ। ਇਸ ਦੇ ਬਾਵਜੂਦ ਸੀ ਬੀ ਆਈ ਨੇ ਮੀਡੀਆ ਅਤੇ ਆਮ ਜਨਤਾ ਤੱਕ ਇਹ ਐੱਫ ਆਈ ਆਰ ਪਹੁੰਚਾ ਦਿੱਤੀ ਤਾਂ ਕਿ ਉਨ੍ਹਾਂ ਦਾ ਅਕਸ ਖ਼ਰਾਬ ਕੀਤਾ ਜਾ ਸਕੇ। ਘੁੰਮਣ ਵੱਲੋਂ ਪੇਸ਼ ਹੋਏ ਵਕੀਲ ਫੇਰੀ ਸੋਫਤ ਨੇ ਇਸ ਨੂੰ ਅਦਾਲਤ ਦੀ ਮਾਣਹਾਨੀ ਦਾ ਸਪੱਸ਼ਟ ਮਾਮਲਾ ਦੱਸਿਆ। ਉਨ੍ਹਾਂ ਮੰਗ ਕੀਤੀ ਕਿ ਸੀ ਬੀ ਆਈ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਜਾਣ।

ਸੀ ਬੀ ਆਈ ਦੇ ਛਾਪਿਆਂ ਪਿੱਛੇ ਭਾਜਪਾ ਦਾ ਹੱਥ: ਮਾਨ

ਧੂਰੀ (ਹਰਦੀਪ ਸਿੰਘ ਸੋਢੀ): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਪੰਜਾਬ ਵਿੱਚ ਈ ਡੀ ਅਤੇ ਸੀ ਬੀ ਆਈ ਦੇ ਛਾਪਿਆਂ ਪਿੱਛੇ ਭਾਜਪਾ ਦਾ ਹੱਥ ਹੈ। ਇਹ ਚੋਣਾਂ ਤੋਂ ਪਹਿਲਾਂ ਭਾਜਪਾ ਦਾ ‘ਕੰਮ ਕਰਨ’ ਦਾ ਤਰੀਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਏਜੰਸੀ ਨੂੰ ਛਾਪਿਆਂ ਦੌਰਾਨ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਅਤੇ ਉਹ ‘ਖ਼ਾਲੀ ਹੱਥ’ ਪਰਤ ਗਈ। ਮਾਨ ਨੇ ਕਿਹਾ ਕਿ ਉਹ ਪੰਜਾਬ ਅੰਦਰ ਬਦਲੀਆਂ ਦੇ ਪੈਸੇ ਖਾਣ ਲਈ ਸੱਤਾ ਵਿੱਚ ਨਹੀਂ ਆਏ। ਉਨ੍ਹਾਂ ਦਾ ਟੀਚਾ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਹੈ। ਮੁੱਖ ਮੰਤਰੀ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ। ਮਾਨ ਇਥੇ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਦੀ ਸ਼ੁਰੂਆਤ ਮੌਕੇ ਬੋਲ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਛਾਪੇ ਦੇਸ਼ ਦੇ ਹੋਰਨਾਂ ਰਾਜਾਂ ਛੱਤੀਸਗੜ੍ਹ, ਬੰਗਾਲ, ਦਿੱਲੀ, ਹਰਿਆਣਾ ਵਿੱਚ ਵੀ ਪੈ ਚੁੱਕੇ ਹਨ ਕਿਉਂਕਿ ਪੰਜਾਬ ਵਾਂਗ ਇਨ੍ਹਾਂ ਸੂਬਿਆਂ ਵਿੱਚ ਵੀ ਅਗਲੇ ਮਹੀਨਿਆਂ ’ਚ ਵਿਧਾਨ ਸਭਾ ਚੋਣਾਂ ਹਨ। ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਨੇ 8 ਘੰਟੇ ਜਾਂਚ ਕੀਤੀ, ਪਰ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ। ਇਹ ਛਾਪੇੇ ਪੰਜਾਬੀਆਂ ਨੂੰ ਨਹੀਂ ਡਰਾ ਸਕਦੇ। ਮਾਨ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦਾ ਮੁਕਾਬਲਾ ਪੰਜਾਬ ਦੀ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਸਗੋਂ ਇਕਤਰਫ਼ਾ ਰਹੇਗਾ। ਆਮ ਆਦਮੀ ਪਾਰਟੀ ਮੁੜ ਪੰਜਾਬ ਅੰਦਰ ਸਰਕਾਰ ਬਣਾਏਗੀ ਕਿਉਂਕਿ ਕਾਂਗਰਸ ਆਪਸੀ ਫੁੱਟ ਦਾ ਸ਼ਿਕਾਰ ਹੈ, ਅਕਾਲੀਆਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਲੈ ਬੈਠੀ ਤੇ ਭਾਜਪਾ ਨੂੰ ਪੰਜਾਬੀ ਪਸੰਦ ਨਹੀਂ ਕਰਦੇ। ਨਸ਼ਿਆਂ ਦਾ ਵਪਾਰ ਗੁਜਰਾਤ ਸੂਬੇ ਰਾਹੀਂ ਕਰ ਕੇ ਪੰਜਾਬ ਨੂੰ ਮੁਫ਼ਤ ਵਿੱਚ ਬਦਨਾਮ ਕੀਤਾ ਜਾ ਰਿਹੈ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਅਸ਼ੋਕ ਕੁਮਾਰ ਲੱਖਾ, ਬਲਤੇਜ ਸਿੰਘ ਪੰਨੂ, ਦਲਵੀਰ ਸਿੰਘ ਢਿੱਲੋਂ ਆਦਿ ਆਗੂ ਹਾਜ਼ਰ ਸਨ।

Advertisement
×