Book Mitr Ghar Khatkar Kalan: ਖਟਕੜ ਕਲਾਂ ’ਚ ਪੁਸਤਕ ਮਿੱਤਰ ਘਰ ਦਾ ਉਦਘਾਟਨ
ਕੇਂਦਰ ਵਿੱਚ ਵਿਗਿਆਨਕ ਅਤੇ ਮਿਆਰੀ ਕਿਤਾਬਾਂ ਉਪਲਬਧ ਹੋਣਗੀਆਂ
ਇੱਥੇ ਸ਼ਹੀਦ ਭਗਤ ਸਿੰਘ ਯਾਦਗਾਰੀ ਮਿਊਜ਼ੀਅਮ ਖਟਕੜ ਕਲਾਂ ਦੇ ਗੁਆਂਢ ਵਿੱਚ ਪੁਸਤਕ ਪ੍ਰੇਮੀਆਂ ਲਈ ਮਿਲਣੀ ਅਤੇ ਵਿਚਾਰ-ਚਰਚਾ ਕੇਂਦਰ ਵਜੋਂ ਪੁਸਤਕ ਮਿੱਤਰ ਘਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੇ ਪ੍ਰਬੰਧਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਕੇਂਦਰ ਵਿੱਚ ਮੁੱਲਵਾਨ, ਸਿਹਤਮੰਦ, ਵਿਗਿਆਨਕ ਅਤੇ ਮਿਆਰੀ ਕਿਤਾਬਾਂ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਵਰਗ ਨੂੰ ਇਸ ਕੇਂਦਰ ਨਾਲ ਜੋੜਨ ਲਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਪਿੰਡਾਂ ਤੱਕ ਵੀ ਉੱਦਮ ਕੀਤਾ ਜਾਵੇਗਾ।
ਇਸ ਨੇਕ ਕਾਰਜ ਲਈ ਸ਼ੁੱਭਕਾਮਨਾਵਾਂ ਦੇਣ ਪੁੱਜੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਕਿਤਾਬਾਂ ਨਾਲ ਜੁੜਨ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਇਸ ਕੇਂਦਰ ਦੇ ਰੂਪ ਵਿੱਚ ਪੁਸਤਕ ਸਭਿਆਚਾਰ ਦਾ ਪੁਲ ਉਸਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਹਾਣੀਕਾਰ ਅਜਮੇਰ ਸਿੰਘ ਸਿੱਧੂ ਨੇ ਕਿਹਾ ਕਿ ਪੁਸਤਕ ਦੇ ਸ਼ਬਦਾਂ ਵਿੱਚ ਅਥਾਹ ਸ਼ਕਤੀ ਹੁੰਦੀ ਹੈ ਜੋ ਪਾਠਕ ਅਤੇ ਸਮਾਜ ਦੀ ਪੂਰੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਅਤੇ ਨਵੀਂ ਸੇਧ ਦੇ ਸਕਦੀ ਹੈ। ਇਸ ਮੌਕੇ ਹਰਜਿੰਦਰ ਸਿੰਘ ਦੀ ਸੰਪਾਦਨਾ ਵਿੱਚ ਪ੍ਰਕਾਸ਼ਿਤ ਤਿੰਨ ਕਿਤਾਬਾਂ ਸੰਤੋਸ਼ ਕੌਰ, ਪਰਮਜੀਤ ਕੌਰ ਰਾਜਾ ਸਾਹਿਬ ਦਾ ਮਜਾਰਾ, ਪਰਮਜੀਤ ਕੌਰ ਰਾਏਪੁਰ ਡੱਬਾ, ਕਮਲੇਸ਼ ਕੌਰ ਰਸੂਲਪੁਰ ਅਤੇ ਆਸ਼ਾ ਖਟਕੜ ਕਲਾਂ ਨੇ ਲੋਕ ਅਰਪਣ ਕੀਤੀਆਂ। ਇਸ ਮੌਕੇ ਜੋਗਿੰਦਰ ਪਾਲ ਖਟਕੜ ਕਲਾਂ ਅਤੇ ਗੁਰਮੁੱਖ ਸਿੰਘ ਲੋਕ ਪ੍ਰੇਮੀ ਫਗਵਾੜਾ ਨੇ ਸਮਾਜਿਕ ਤਬਦੀਲੀ ਦੇ ਗੀਤ ਪੇਸ਼ ਕੀਤੇ।

