ਪੁਸਤਕ ਮੇਲਾ: ਸੰਤਾਲੀ ਦੇ ਸੰਤਾਪ ਤੇ ਪਰਵਾਸ ’ਤੇ ਸੰਵਾਦ
w ਨੌਜਵਾਨਾਂ ਵਿੱਚ ਪਰਵਾਸ ਦੇ ਰੁਝਾਨ ਅਤੇ ਦਰਪੇਸ਼ ਚੁਣੌਤੀਆਂ ’ਤੇ ਚਰਚਾ
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਪੁਸਤਕ ਮੇਲੇ ਤੇ ਕਲਾ ਉਤਸਵ ਦੇ ਅੱਜ ਦੂਜੇ ਦਿਨ ਵੱਖ ਵੱਖ ਸੈਸ਼ਨਾਂ ਵਿੱਚ ਭਖ਼ਵੀ ਵਿਚਾਰ ਚਰਚਾ ਕੀਤੀ ਗਈ। ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਪੁਸਤਕ ਮੇਲੇ ਤੇ ਕਲਾ ਉਤਸਵ ਪ੍ਰਤੀ ਸਮਾਜ ਦੇ ਹਰ ਵਰਗ ਦਾ ਉਤਸ਼ਾਹ ਹੈ।
ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਉਲੀਕੇ ਦਿਨ ਦੇ ਪਹਿਲੇ ਸੈਸ਼ਨ ਵਿੱਚ ‘ਸੰਤਾਲੀ ਦੇ ਦੁਖਾਂਤ ਨਾਲ ਜੁੜੇ ਪੰਜਾਬੀ ਸਾਹਿਤ’ ਬਾਰੇ ਪੈਨਲ ਚਰਚਾ ਹੋਈ ਜਿਸ ’ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੈਨਲਿਸਟ ਡਾ ਯੋਗਰਾਜ ਨੇ ਸੂਤਰਧਾਰ ਵਜੋਂ ਸ਼ਿਰਕਤ ਕੀਤੀ। ਪੈਨਲ ਚਰਚਾ ਵਿੱਚ ਕਹਾਣੀਕਾਰ ਡਾ ਸਾਂਵਲ ਧਾਮੀ, ਅਜਮੇਰ ਸਿੱਧੂ ਤੇ ਭਗਵੰਤ ਰਸੂਲਪੁਰੀ ਨੇ ਹਿੱਸਾ ਲਿਆ ਤੇ ਸ਼ਾਇਰ ਸੁਰਿੰਦਰ ਸੀਹਰਾ (ਯੂ ਕੇ) ਨੇ ਸੈਸ਼ਨ ਦੀ ਪ੍ਰਧਾਨਗੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸੰਤਾਲੀ ਨਾਲ ਸਬੰਧਤ ਪੰਜਾਬੀ ਕਵਿਤਾ, ਕਹਾਣੀ ਤੇ ਨਾਵਲ ਵਿੱਚ ਹਮੇਸ਼ਾ ਮਾਨਵੀ ਜੀਵਨ ਮੁੱਲਾਂ ਦੀ ਪੇਸ਼ਕਾਰੀ ਰਹੀ ਹੈ ਜੋ ਕਿ ਪੰਜਾਬੀ ਸਾਹਿਤ ਦੇ ਲੋਕ ਪੱਖੀ ਸੁਭਾਅ ਦੀ ਸੂਚਕ ਹੈ। ਦੁਪਿਹਰ ਦੇੇ ਸੈਸ਼ਨ ’ਚ ਮੁੱਖ ਮਹਿਮਾਨ ਵਜੋਂ ਹਾਜ਼ਰ ਕਾਂਗਰਸੀ ਆਗੂ ਅਮਰਪ੍ਰੀਤ ਸਿੰਘ ਲਾਲੀ ਮੈਨੇਜਰ ਇੰਦਰਜੀਤ ਸਿੰਘ ਭਾਰਟਾ ਸ਼ਿਰਕਤ ਕੀਤੀ। ਉਨ੍ਹਾਂ ਨੇ ਸਿਰਜਣਾਤਮਿਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਦੁਪਹਿਰ ਬਾਅਦ ਦੇ ਸੈਸ਼ਨ ਵਿੱਚ ਪੰਜਾਬ ਪਰਵਾਸ ਤੇ ਯੁਵਾ ਵਰਗ ਵਿਸ਼ੇ ’ਤੇ ਹੋਈ ਪੈਨਲ ਚਰਚਾ ਵਿੱਚ ਸੇਵਾਮੁਕਤ ਆਈ ਪੀ ਐੱਸ ਅਧਿਕਾਰੀ ਗੁਰਪ੍ਰੀਤ ਸਿੰਘ ਤੂਰ, ਕੁਲਵੰਤ ਸਿੰਘ ਸੰਘਾ, ਤੇ ਲੇਖਕ ਐੱਸ ਅਸ਼ੋਕ ਭੌਰਾ ਨੇ ਹਿੱਸਾ ਲਿਆ। ਇਸ ਪੈਨਲ ਚਰਚਾ ਵਿੱਚ ਬੁਲਾਰਿਆਂ ਨੇ ਨੌਜਵਾਨਾਂ ਵਿੱਚ ਪਰਵਾਸ ਦੇ ਰੁਝਾਨ ਅਤੇ ਦਰਪੇਸ਼ ਚੁਣੌਤੀਆਂ ਦੇ ਹੱਲ ਬਾਰੇ ਗੰਭੀਰ ਵਿਚਾਰ ਰੱਖੇ। ਮੁੱਖ ਮਹਿਮਾਨ ਵਿਧਾਇਕ ਡਾ. ਇਸ਼ਾਂਕ ਕੁਮਾਰ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

